ਕੇਂਦਰੀ ਮੰਤਰੀ ਦੀ ਕਿਸਾਨ ਆਗੂ ਡੱਲੇਵਾਲ ਨੂੰ ਅਪੀਲ,ਕਿਹਾ- ਖ਼ਤਮ ਕਰੋ ਮਰਨ ਵਰਤ, ਕੇਂਦਰ ਅਤੇ ਕਿਸਾਨਾਂ ਦੀ ਮੀਟਿੰਗ 4 ਮਈ ਨੂੰ ਹੋਵੇਗੀ
ਨਿਊਜ਼ ਪੰਜਾਬ
6 ਅਪ੍ਰੈਲ 2025
ਐਮਐਸਪੀ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਪਿਛਲੇ ਕਈ ਮਹੀਨੇ ਤੋਂ ਮਰਨ ਵਰਤ ਰੱਖਿਆ ਗਿਆ ਹੈ ਤਾਂ ਜੋ ਕੇਂਦਰ ‘ਤੇ ਆਪਣੀਆਂ ਮੰਗਾਂ ਮੰਨਣ ਲਈ ਦਬਾਅ ਬਣਾਇਆ ਜਾ ਸਕੇ। ਉਥੇ ਹੀ ਪੰਜਾਬ ਸਰਕਾਰ ਵਲੋਂ ਬੇਸ਼ੱਕ ਕਿਸਾਨੀ ਧਰਨੇ ਨੂੰ ਚਕਵਾਉਣ ਲਈ ਐਕਸ਼ਨ ਲਿਆ ਗਿਆ ਪਰ ਉਥੇ ਹੀ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਪੋਸਟ ਹੁਣ ਸਾਹਮਣੇ ਆਈ ਹੈ।
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਪੋਸਟ ਪਾ ਕੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਹੈ ਕਿ ਗੱਲਬਾਤ ਦਾ ਦੌਰ ਜਾਰੀ ਰਹੇਗਾ। ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਤੋਂ ਨਿਰਧਾਰਤ ਮਿਤੀ ਅਨੁਸਾਰ 4 ਮਈ ਨੂੰ ਸਵੇਰੇ 11 ਵਜੇ ਕਿਸਾਨ ਸੰਗਠਨਾਂ ਨਾਲ ਦੁਬਾਰਾ ਮੀਟਿੰਗ ਕਰਨਗੇ। ਚੌਹਾਨ ਨੇ ਕਿਹਾ ਕਿ ਡੱਲੇਵਾਲ ਹੁਣ ਹਸਪਤਾਲ ਤੋਂ ਵਾਪਸ ਆ ਗਏ ਹਨ ਅਤੇ ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੰਗਾਂ ਸਬੰਧੀ ਕੇਂਦਰ ਅਤੇ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਵਿਚਕਾਰ ਚੱਲ ਰਹੀ ਗੱਲਬਾਤ ਜਾਰੀ ਰਹੇਗੀ। ਇਸ ਤੋਂ ਪਹਿਲਾਂ, 19 ਮਾਰਚ ਨੂੰ ਕੇਂਦਰ ਅਤੇ ਕਿਸਾਨਾਂ ਵਿਚਕਾਰ ਇੱਕ ਮੀਟਿੰਗ ਹੋਈ ਸੀ, ਜੋ ਕਿ ਬੇਸਿੱਟਾ ਰਹੀ।