ਮੁੱਖ ਖ਼ਬਰਾਂਅੰਤਰਰਾਸ਼ਟਰੀ

ਟਰੰਪ ਵੱਲੋਂ ‘ਵੌਇਸ ਆਫ ਅਮਰੀਕਾ’ ਰੇਡੀਓ ਪ੍ਰਸਾਰਣ ਨੂੰ ਬੰਦ ਕਰਨ ਦੇ ਹੁਕਮ, 1300 ਕਰਮਚਾਰੀਆ ਦੀਆ ਨੌਕਰੀਆਂ  ਨੂੰ ਖਤਰਾ 

ਅਮਰੀਕਾ,18 ਮਾਰਚ 2025

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਵੌਇਸ ਆਫ਼ ਅਮਰੀਕਾ’ ਨੂੰ ਫੰਡਿੰਗ ਵਿੱਚ ਭਾਰੀ ਕਟੌਤੀ ਕਰਨ ਵਾਲੇ ਇੱਕ ਆਦੇਸ਼ ‘ਤੇ ਦਸਤਖਤ ਕੀਤੇ ਹਨ।ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹੁਕਮ ਇਹ ਯਕੀਨੀ ਬਣਾਏਗਾ ਕਿ ਟੈਕਸਦਾਤਾਵਾਂ ਨੂੰ ਹੁਣ ‘ਕੱਟੜਪੰਥੀ ਪ੍ਰਚਾਰ’ ‘ਤੇ ਪੈਸਾ ਖਰਚ ਨਹੀਂ ਕਰਨਾ ਪਵੇਗਾ।

‘ਵੌਇਸ ਆਫ਼ ਅਮਰੀਕਾ’ ਮੁੱਖ ਤੌਰ ‘ਤੇ ਇੱਕ ਰੇਡੀਓ ਸੇਵਾ ਹੈ। ਇਸਦੀ ਸਥਾਪਨਾ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਪ੍ਰਚਾਰ ਨਾਲ ਲੜਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਪ੍ਰਸਾਰਕ ਦਾ ਕਹਿਣਾ ਹੈ ਕਿ ਅੱਜ ਵੀ ਲੱਖਾਂ ਲੋਕ ਵਾਇਸ ਆਫ਼ ਅਮਰੀਕਾ ਨੂੰ ਸੁਣਦੇ ਹਨ।ਵਾਇਸ ਆਫ਼ ਅਮਰੀਕਾ (VOA) ਦੇ ਡਾਇਰੈਕਟਰ ਮਾਈਕ ਅਬਰਾਮੋਵਿਟਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਲਗਭਗ 1,300 ਕਰਮਚਾਰੀਆਂ ਨੂੰ ਛੁੱਟੀ ‘ਤੇ ਭੇਜਿਆ ਗਿਆ ਹੈ।

ਅਬਰਾਮੋਵਿਟਜ਼ ਦਾ ਕਹਿਣਾ ਹੈ ਕਿ ਇਹ ਹੁਕਮ ਵਾਇਸ ਆਫ਼ ਅਮਰੀਕਾ ਨੂੰ ਉਸ ਸਮੇਂ ਆਪਣੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਨ ਤੋਂ ਰੋਕੇਗਾ ਜਦੋਂ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ।ਉਨ੍ਹਾਂ ਕਿਹਾ, “ਅਜਿਹੇ ਸਮੇਂ ਜਦੋਂ ਅਮਰੀਕਾ ਦੇ ਦੁਸ਼ਮਣ ਜਿਵੇਂ ਕਿ ਈਰਾਨ, ਚੀਨ ਅਤੇ ਰੂਸ ਅਮਰੀਕਾ ਵਿਰੁੱਧ ਪ੍ਰਚਾਰ ਕਰਨ ਲਈ ਲੱਖਾਂ ਡਾਲਰ ਖਰਚ ਕਰ ਰਹੇ ਹਨ, ਸਾਡੇ ਪ੍ਰੋਗਰਾਮ ਪ੍ਰਸਾਰਿਤ ਨਹੀਂ ਹੋ ਸਕਣਗੇ।”

ਅਮਰੀਕੀ ਪੱਤਰਕਾਰਾਂ ਦੇ ਇੱਕ ਵੱਡੇ ਸਮੂਹ, ਨੈਸ਼ਨਲ ਪ੍ਰੈਸ ਕਲੱਬ ਨੇ ਕਿਹਾ ਕਿ ਇਹ ਹੁਕਮ ਅਮਰੀਕਾ ਦੀ ਸੁਤੰਤਰ ਪ੍ਰੈਸ ਪ੍ਰਤੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਲਈ ਇੱਕ ਝਟਕਾ ਹੋਵੇਗਾ।