ਕਣਕ ਦੇ ਨਾੜ ਨੂੰ ਅੱਗ ਲਗਾਉਣ ’ਤੇ ਕਿਸਾਨ ’ਤੇ ਮਾਮਲਾ ਦਰਜ

ਕਣਕ ਦੇ ਨਾੜ ਨੂੰ ਅੱਗ ਲਗਾਉਣ ’ਤੇ ਕਿਸਾਨ ’ਤੇ ਮਾਮਲਾ ਦਰਜ
-ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਪ੍ਰਸਾਸ਼ਨ ਸਖ਼ਤ
-ਕਿਸਾਨ 13 ਮਈ ਤੋਂ ਬਾਅਦ ਪਨੀਰੀ ਅਤੇ 13 ਜੂਨ ਤੋਂ ਬਾਅਦ ਹੀ ਝੋਨਾ ਲਗਾਉਣ-ਮੁੱਖ ਖੇਤੀਬਾੜੀ ਅਫ਼ਸਰ
ਲੁਧਿਆਣਾ, 9 ਮਈ (ਨਿਊਜ਼ ਪੰਜਾਬ)-ਕੋਵਿੰਡ 19 ਦੇ ਚੱਲਦਿਆਂ ਕਈ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੀ ਅੱਖਾਂ ਵਿੱਚ ਘੱਟਾ ਪਾ ਕੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ’ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਰੁਝਾਨ ਨੂੰ ਵਧਣ ਤੋਂ ਰੋਕਣ ਲਈ ਸ਼ੁਰੂ ਵਿੱਚ ਹੀ ਸਖ਼ਤ ਕਦਮ ਉਠਾਉਂਦਿਆਂ ਪਿੰਡ ਲਲਤੋਂ ਕਲਾਂ ਦੇ ਇੱਕ ਕਿਸਾਨ ਖ਼ਿਲਾਫ਼ ਪੁਲਿਸ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਨਰਿੰਦਰਪਾਲ ਸਿੰਘ ਬੈਨੀਪਾਲ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਲਲਤੋਂ ਕਲਾਂ ਦੇ ਕਿਸਾਨ ਜੋਰਾ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਨੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਤਹਿਤ ਜਾਰੀ ਹੁਕਮਾਂ ਦੀ ਉਲੰਘਣਾ ਕਰਕੇ ਆਪਣੇ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਸੀ, ਜਿਸ ’ਤੇ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਫੈਲੀ ਕੋਵਿਡ 19 ਬਿਮਾਰੀ ਕਾਰਨ ਪਹਿਲਾਂ ਹੀ ਭਿਆਨਕ ਸਥਿਤੀ ਬਣੀ ਹੋਈ ਹੈ, ਜੇਕਰ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾਉਣਗੇ ਤਾਂ ਲੋਕਾਂ ਨੂੰ ਹੋਰ ਵੀ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਲਈ ਕਿਸਾਨਾਂ ਨੂੰ ਨਾੜ ਨੂੰ ਅੱਗ ਲਗਾਉਣ ਤੋਂ ਬਾਜ ਆਉਣਾ ਚਾਹੀਦਾ ਹੈ। ਜੋ ਵੀ ਕਿਸਾਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਤਹਿਤ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਨਾੜ ਨੂੰ ਸਾੜਨ ਦੀ ਬਿਜਾਏ ਇਸ ਦੀ ਪਸ਼ੂਆਂ ਲਈ ਪਰਾਲੀ ਬਣਾਉਣ ਜਾਂ ਫਿਰ ਇਸ ਨੂੰ ਖੇਤ ਵਿੱਚ ਵਾਹ ਕੇ ਨਸ਼ਟ ਕਰਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਦਾ ਸਮਾਂ ਇੱਕ ਹਫ਼ਤਾ ਅਗੇਤਾ ਕਰ ਦਿੱਤਾ ਗਿਆ ਹੈ। ਸੋ, ਹੁਣ ਕਿਸਾਨ 13 ਮਈ ਤੋਂ ਬਾਅਦ ਪਨੀਰੀ ਲਗਾ ਸਕਦੇ ਹਨ ਅਤੇ ਟਰਾਂਸਪਲਾਂਟ 13 ਜੂਨ ਤੋਂ ਬਾਅਦ ਕਰ ਸਕਦੇ ਹਨ। ਕਿਸਾਨ ਇਨ੍ਹਾਂ ਮਿਤੀਆਂ ਤੋਂ ਪਹਿਲਾਂ ਪਨੀਰੀ ਅਤੇ ਝੋਨਾ ਲਾਉਣ ਤੋਂ ਗੁਰੇਜ਼ ਕਰਨ।