ਸਾਬਕਾ ਐਮ. ਪੀ. ਤਰਲੋਚਨ ਸਿੰਘ ਦੇ ਭਰਾ ਡਾ. ਹਰਬੰਸ ਸਿੰਘ ਕੋਹਲੀ ਨਮਿਤ ਅੰਤਿਮ ਅਰਦਾਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਵਿਧਾਇਕ ਕੋਹਲੀ ਸਮੇਤ ਹੋਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
ਨਿਊਜ਼ ਪੰਜਾਬ
ਪਟਿਆਲਾ, 9 ਮਾਰਚ 2025
ਸਾਬਕਾ ਐਮ. ਪੀ. ਤਰਲੋਚਨ ਸਿੰਘ ਦੇ ਭਰਾ ਡਾ. ਹਰਬੰਸ ਸਿੰਘ ਕੋਹਲੀ ਨਮਿਤ ਅੱਜ ਅੰਤਿਮ ਅਰਦਾਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਰਧਾਂਜਲੀ ਸਮਾਰੋਹ ਮੌਕੇ ਮੌਜੂਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਸਤਨਾਮ ਸਿੰਘ ਸੰਧੂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ, ਕੈਬਨਿਟ ਵਜੀਰ ਤੇ ਸਾਬਕਾ ਵਿਧਾਇਕ ਵੀ ਪੁੱਜੇ ਹੋਏ ਸਨ।ਡਾ. ਅਲੰਕਾਰ ਸਿੰਘ ਤੇ ਜੱਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਗਾਇਨ ਕੀਤਾ। ਇਸ ਮੌਕੇ ਪਰਿਵਾਰ ਵੱਲੋਂ ਸਭਨਾ ਦਾ ਧੰਨਵਾਦ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਤਰਲੋਚਨ ਸਿੰਘ ਨੇ ਸਾਡੇ ਪੰਥਕ ਸਰੋਕਾਰਾਂ ਸਮੇਤ ਪੰਜਾਬ ਦੇ ਮਸਲਿਆਂ ਦੀ ਕੌਮੀ ਅਤੇ ਕੌੰਮਾਂਤਰੀ ਪੱਧਰ ‘ਤੇ ਤਰਜਮਾਨੀ ਕਰਦਿਆਂ ਡੱਟਕੇ ਪਹਿਰੇਦਾਰੀ ਕੀਤੀ ਹੈ, ਉਨ੍ਹਾਂ ਦੇ ਛੋਟੇ ਭਰਾ ਦਾ ਚਲਾਣਾ ਪਰਿਵਾਰ ਲਈ ਨਾ ਸਹਿਣਯੋਗ ਸਦਮਾ ਹੈ।ਉਨ੍ਹਾਂ ਕਿਹਾ ਕਿ ਜਿੰਨਾ ਸਾਡੇ ਪਰਿਵਾਰ ਬਾਰੇ ਤਰਲੋਚਨ ਸਿੰਘ ਜਾਣਦੇ ਹਨ, ਓਨਾ ਸ਼ਾਇਦ ਉਹ ਖੁਦ ਵੀ ਨਹੀਂ ਜਾਣਦੇ।
ਸਪੀਕਰ ਸੰਧਵਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਡਾ. ਹਰਬੰਸ ਸਿੰਘ ਕੋਹਲੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਸਮਾਰੋਹ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਮਾਲਵਿੰਦਰ ਸਿੰਘ ਜੱਗੀ, ਪਦਮਸ੍ਰੀ ਜਗਜੀਤ ਸਿੰਘ ਦਰਦੀ, ਬਾਬਾ ਦਵਿੰਦਰ ਸਿੰਘ ਬੜੂ ਸਾਹਿਬ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲਾਲ ਸਿੰਘ, ਵਿਜੇਇੰਦਰ ਸਿੰਗਲਾ, ਸੁਰਜੀਤ ਸਿੰਘ ਰੱਖੜਾ, ਬੀਬੀ ਕੁਲਦੀਪ ਕੌਰ ਟੌਹੜਾ, ਪ੍ਰੋ. ਉਂਕਾਰ ਸਿੰਘ, ਡਾ. ਪ੍ਰਭਲੀਨ ਸਿੰਘ, ਤੇਜਿੰਦਰਪਾਲ ਸਿੰਘ ਸੰਧੂ, ਡਾ. ਬਲਕਾਰ ਸਿੰਘ, ਡਾ. ਮਨਮੋਹਨ ਸਿੰਘ, ਅਮਰਿੰਦਰ ਸਿੰਘ ਬਜਾਜ, ਜਿਲ੍ਹਾ ਅਟਾਰਨੀ ਅਨਮੋਲਜੀਤ ਸਿੰਘ ਸਮੇਤ ਵੱਡੀ ਗਿਣਤੀ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਤਰਲੋਚਨ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਢੁਡਿਆਲ ਖਾਲਸਾ ਸਕੂਲ ਪ੍ਰਬੰਧਕ ਕਮੇਟੀ ਨੇ ਡਾ ਹਰਬੰਸ ਸਿੰਘ ਕੋਹਲੀ ਦੇ ਸਪੁੱਤਰ ਤਾਰਿਕਦੀਪ ਸਿੰਘ ਨੂੰ ਸਿਰੋਪਾਉ ਭੇਟ ਕੀਤਾ।