ਆਸਟਰੇਲੀਆ ਦੇ ਦੱਖਣ-ਪੂਰਬੀ ਤੱਟੀ ਖੇਤਰ ਵੱਲ ਵੱਧ ਰਿਹਾ ਹੈ ਚੱਕਰਵਤੀ ਤੂਫਾਨ, ਭਾਰੀ ਤਬਾਹੀ ਦਾ ਅੰਦੇਸ਼ਾ
ਨਿਊਜ਼ ਪੰਜਾਬ
ਆਸਟਰੇਲੀਆ:6 ਮਾਰਚ 2025
ਆਸਟਰੇਲੀਆ ਦੇ ਦੱਖਣ-ਪੂਰਬੀ ਤੱਟੀ ਖੇਤਰ ਵਿਚ ਇਕ ਦੁਰਲੱਭ ਸ਼੍ਰੇਣੀ 2 ਦਾ ਚੱਕਰਵਾਤ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸਮੇਂ ਉਤੇ ਘਰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਪੂਰਬੀ ਅਤੇ ਦੱਖਣੀ ਆਸਟ੍ਰੇਲੀਆਈ ਸ਼ਹਿਰਾਂ, ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਰੇਲ, ਬੱਸ ਅਤੇ ਕਿਸ਼ਤੀ ਦੇ ਸੰਚਾਲਨ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਡਨੀ ਅਤੇ ਮੈਲਬੋਰਨ ਉਤੇ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੋਲਡ ਕੋਸਟ ਹਵਾਈ ਅੱਡੇ ਨੂੰ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਬੰਦ ਕਰਨ ਦਾ ਹੁਕਮ ਦਿੱਤਾ ਗਿਆ। ਆਸਟ੍ਰੇਲੀਆਈ ਮੌਸਮ ਵਿਗਿਆਨੀਆਂ ਦੇ ਅਨੁਸਾਰ ਚੱਕਰਵਾਤ ਅਲਫ੍ਰੇਡ ਸ਼ੁੱਕਰਵਾਰ ਨੂੰ ਮਾਰੂਚਾਈਡੋਰ ਅਤੇ ਕੂਲਾਂਗਟਾ ਦੇ ਵਿਚਕਾਰ ਲੈਂਡਫਾਲ ਕਰ ਸਕਦਾ ਹੈ।
ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਲਗਾਤਾਰ ਚੌਕਸ ਕਰ ਰਿਹਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆਈ ਜਲ ਸੈਨਾ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਲਗਾਤਾਰ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਚੱਕਰਵਾਤੀ ਤੂਫਾਨ ਅਲਫਰੇਡ ਦੇ ਅਨੁਮਾਨਿਤ ਮਾਰਗ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਅਜੇ ਤੱਕ ਇਲਾਕਾ ਖਾਲੀ ਕਰਨ ਬਾਰੇ ਨਹੀਂ ਸੋਚਿਆ ਹੈ, ਤਾਂ ਸਥਿਤੀ ਹੋਰ ਵਿਗੜਨ ਤੋਂ ਪਹਿਲਾਂ ਇਹੀ ਸਮਾਂ ਹੈ, ਕਿਉਂਕਿ ਇੱਕ “ਬਹੁਤ ਹੀ ਦੁਰਲੱਭ” ਸ਼੍ਰੇਣੀ 2 ਦਾ ਤੂਫਾਨ ਆਸਟ੍ਰੇਲੀਆ ਦੇ ਦੱਖਣ-ਪੂਰਬੀ ਤੱਟ ਵੱਲ ਵਧ ਰਿਹਾ ਹੈ।