ਡਿਪਟੀ ਕਮਿਸ਼ਨਰ ਨਾਲ ਓਟ ਕਲੀਨਿਕ ‘ਤੇ ਦਵਾਈ ਲੈਣ ਆਏ ਵਿਅਕਤੀਆਂ ਭਾਵੁਕ ਹੁੰਦਿਆਂ ਕੀਤੀ ਗੱਲਬਾਤ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੀ ਕੀਤੀ ਸ਼ਲਾਘਾ
ਨਿਊਜ਼ ਪੰਜਾਬ
ਪਟਿਆਲਾ, 6 ਮਾਰਚ 2025
ਪਟਿਆਲਾ ਦੇ ਤ੍ਰਿਪੜੀ ਕਮਿਊਨਿਟੀ ਹੈਲਥ ਸੈਂਟਰ ਵਿਖੇ ਬਣੇ ਓਟ ਕਲੀਨਿਕ ‘ਚ ਮਾਹੌਲ ਉਸ ਵਕਤ ਭਾਵੁਕ ਹੋ ਗਿਆ, ਜਦ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਓਟ ਕਲੀਨਿਕ ‘ਤੇ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਵਿਅਕਤੀ ਨਾਲ ਗੱਲਬਾਤ ਕਰਦਿਆਂ ਪਰਿਵਾਰ ਬਾਰੇ ਪੁੱਛਿਆਂ, ਤਾਂ ਕਤਾਰ ਵਿੱਚ ਸਭ ਤੋਂ ਅੱਗੇ ਖੜੇ ਵਿਅਕਤੀ ਨੇ ਦੱਸਿਆ ਕਿ ”ਬੇਟੀ ਨੂੰ ਥੋੜਾ ਸਮਾਂ ਪਹਿਲਾ ਹੀ ਪੰਜਾਬ ਪੁਲਿਸ ਵਿੱਚ ਨੌਕਰੀ ਮਿਲੀ ਹੈ ਤੇ ਬੇਟਾ ਵੀ ਚੰਗੀ ਨੌਕਰੀ ‘ਤੇ ਲੱਗ ਗਿਆ ਹੈ। ਬੇਟੀ ਨੂੰ ਮਿਲੀ ਪੰਜਾਬ ਪੁਲਿਸ ਦੀ ਨੌਕਰੀ ਨੇ ਮੈਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਹੈ।”
ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਓਟ ਕਲੀਨਿਕ ‘ਤੇ ਦਵਾਈ ਲੈਣ ਆਏ ਮਰੀਜ਼ ਨੇ ਦੱਸਿਆ ਕਿ ਪਰਿਵਾਰਕ ਤੰਗੀਆਂ ਕਾਰਨ ਨਸ਼ੇ ਦੀ ਲੱਤ ਲੱਗ ਗਈ ਸੀ, ਪਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੈਰਿਟ ‘ਤੇ ਬਿਨਾਂ ਕਿਸੇ ਸਿਫ਼ਾਰਸ਼ ਦੇ ਦਿੱਤੀਆਂ ਨੌਕਰੀਆਂ ਨੇ ਸਾਡੇ ਵਰਗੇ ਆਮ ਲੋਕਾਂ ਦੇ ਬੱਚਿਆਂ ਨੂੰ ਵੀ ਨੌਕਰੀਆਂ ਪ੍ਰਦਾਨ ਕਰਕੇ ਸਮਾਜ ਵਿੱਚ ਪਹਿਚਾਣ ਦਿੱਤੀ ਹੈ, ਹੁਣ ਅਸੀਂ ਇਸ ਪਹਿਚਾਣ ਨੂੰ ਨਸ਼ੇ ਵਰਗੀ ਬੁਰਾਈ ਨਾਲ ਦਾਗਦਾਰ ਨਹੀਂ ਕਰਨਾ ਚਾਹੁੰਦੇ ਤੇ ਆਪਣੀ ਇੱਛਾ ਨਾਲ ਨਸ਼ਾ ਛੱਡਣ ਲਈ ਅੱਗੇ ਆਏ ਹਾਂ।
ਮਰੀਜ਼ ਨੇ ਆਪਣਾ ਨਸ਼ਾ ਛੱਡਣ ਤੋਂ ਬਾਅਦ ਓਟ ਕਲੀਨਿਕ ਤੋਂ ਦਵਾਈ ਲੈਣ ਦਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਲੀਨਿਕ ਦੇ ਸਟਾਫ਼ ਵੱਲੋਂ ਸਾਡੀ ਪੂਰੀ ਕਾਉਂਸਲਿੰਗ ਕੀਤੀ ਜਾਂਦੀ ਹੈ ਤੇ ਮਿਲਣ ਵਾਲੀਆਂ ਦਵਾਈ ਦੀ ਡੋਜ਼ ਵੀ ਸਮੇਂ ਸਮੇਂ ‘ਤੇ ਘਟਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਵਿੱਚ ਇਕ ਵਾਰ ਦਵਾਈ ਲੈਣ ਆਉਣਾ ਪੈਂਦਾ ਹੈ ਤੇ ਮਹੀਨੇ ਬਾਅਦ ਸਰਕਾਰੀ ਰਜਿੰਦਰਾ ਹਸਪਤਾਲ ਚੈਕਅੱਪ ਕਰਵਾਕੇ ਦਵਾਈ ਲਿਖਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਓਟ ਕਲੀਨਿਕ ਵਿੱਚ ਦਵਾਈ ਲੈਣ ਲਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਦੀ ਤੇ ਦਵਾਈ ਵੀ ਆਸਾਨੀ ਨਾਲ ਮਿਲ ਜਾਂਦੀ ਹੈ।
ਓਟ ਕਲੀਨਿਕ ‘ਤੇ ਦਵਾਈ ਲੈਣ ਆਏ ਮਰੀਜ਼ਾਂ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਜੋ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਗਈ ਹੈ, ਇਹ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਕੋਂ ਸਮੇਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਤੇ ਨਸ਼ਾ ਕਰਨ ਵਾਲਿਆਂ ਨੂੰ ਹਸਪਤਾਲਾਂ ‘ਚ ਭੇਜਣਾ ਇਸ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਵੀ ਪੂਰਾ ਸਾਥ ਦੇਣ ਦਾ ਅਹਿਦ ਲਿਆ।
ਫੋਟੋ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਓਟ ਕਲੀਨਿਕ ਵਿਖੇ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ।