ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਨਸ਼ਿਆਂ ਵਿਰੁੱਧ ਖੇਡਿਆਂ ਨੁੱਕੜ ਨਾਟਕ
ਨਿਊਜ਼ ਪੰਜਾਬ
ਪਟਿਆਲਾ, 4 ਮਾਰਚ 2025
ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਨਸ਼ਿਆਂ ਵਿਰੁੱਧ ਇਕ ਨੁੱਕੜ ਨਾਟਕ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ ਨੇ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਕਦੇ ਵੀ ਕਿਸੇ ਦੇ ਕਹਿਣ ਤੇ ਕਿਸੇ ਵੀ ਪ੍ਰਕਾਰ ਦਾ ਨਸ਼ੇ ਦਾ ਸੇਵਨ ਨਾ ਕਰਨ।
ਉਹਨਾਂ ਵਿਦਿਆਰਥੀਆਂ ਨੂੰ ਸਮਝਾਉਂਦਿਆਂ ਕਿਹਾ ਕਿ ਪਹਿਲੀ ਵਾਰ ਕੋਈ ਹਲਕਾ ਨਸ਼ਾ ਕਰਵਾ ਕੇ ਨਸ਼ੇ ਦੀ ਲੱਤ ਲਗਾਈ ਜਾ ਸਕਦੀ ਹੈ। ਇਸ ਨਸ਼ੇ ਨੂੰ ਪੁਰਜ਼ੋਰ ਨਾਂਹ ਕਹਿਣ ਦੀ ਸਮਝ ਰੱਖਣੀ ਚਾਹੀਦੀ ਹੈ। ਉਹਨਾਂ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਇਹ ਨੁੱਕੜ ਨਾਟਕ ਇਕ ਪਹਿਲ ਕਦਮ ਦੱਸਿਆ ਅਤੇ ਇਸ ਮੁਹਿੰਮ ਵਿਚ ਹੋਰ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਸੰਸਥਾ ਵਿਚ ਰੇਡ ਆਰਟਸ ਪੰਜਾਬ ਦੇ ਕਲਾਕਾਰਾਂ ਨੇ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਵਿਚ ਵਿਦਿਆਰਥੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਇੱਕ ਵਾਰ ਵੀ ਕੋਈ ਨਸ਼ਾ ਨਾ ਕੀਤਾ ਜਾਵੇ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਅਨਸਰਾਂ ਤੋਂ ਬਚਣ ਦੀ ਲੋੜ ਹੈ ਜੋ ਦੂਸਰਿਆਂ ਨੂੰ ਨਸ਼ੇ ਦੀ ਲੱਤ ਵੱਲ ਲੈ ਕੇ ਜਾ ਰਹੇ ਹਨ। ਇਸ ਮੌਕੇ ਤੇ ਸੰਸਥਾ ਦੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਇੰਚਾਰਜ ਨਰਿੰਦਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਵਾਈ ਕਿ ਉਹ ਕਦੇ ਨਸ਼ਾ ਨਹੀਂ ਕਰਨਗੇ।
ਵਿਦਿਆਰਥੀਆਂ ਗਤੀਵਿਧੀ ਕਮੇਟੀ ਦੇ ਸਕੱਤਰ ਜਸਪ੍ਰੀਤ ਸਿੰਘ ਲੈਕਚਰਾਰ ਫਾਰਮੇਸੀ ਨੇ ਦੱਸਿਆ ਕਿ ਸੰਸਥਾ ਵਿਚ ਪੜ੍ਹਾਈ ਤੋਂ ਇਲਾਵਾ ਖੇਡਾਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਕਿ ਵਿਦਿਆਰਥੀਆਂ ਦੀ ਊਰਜਾ ਚੰਗੇ ਪਾਸੇ ਲੱਗੇ ਅਤੇ ਸੰਸਥਾ ਨੇ ਪੰਜਾਬ ਪੱਧਰ ਤੇ ਮੱਲਾਂ ਮਾਰੀਆਂ ਹਨ। ਉਹਨਾਂ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਭੰਗੜੇ ਗਿੱਧੇ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਭਾਗ ਲੈਂਦੇ ਹਨ।
ਇਸ ਮੌਕੇ ਪ੍ਰੋਗਰਾਮ ਦੇ ਇੰਚਾਰਜ ਨਰਿੰਦਰ ਸਿੰਘ ਢੀਂਡਸਾ, ਵਿਦਿਆਰਥੀ ਗਤੀਵਿਧੀ ਦੇ ਸਕੱਤਰ ਜਸਪ੍ਰੀਤ ਸਿੰਘ, ਤਰਨਜੀਤ ਸਿੰਘ ਔਲਖ, ਪ੍ਰਿਤਪਾਲ ਸਿੰਘ, ਗੌਰਵ ਵੀ ਹਾਜ਼ਰ ਸਨ।