ਮੁੱਖ ਖ਼ਬਰਾਂਪੰਜਾਬ

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਕਿੱਤਾ ਮੁਖੀ ਕੋਰਸ ਦੀ ਕਰਵਾਈ ਟਰੇਨਿੰਗ

ਨਿਊਜ਼ ਪੰਜਾਬ

ਪਟਿਆਲਾ, 4 ਮਾਰਚ 2025

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ’ਯੁੱਧ ਨਸ਼ਿਆਂ‌ ਵਿਰੁੱਧ’ ਤਹਿਤ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਦੇ ਮਕਸਦ ਨਾਲ ਇਲਾਜ ਦੌਰਾਨ ਹੀ ਕਿੱਤਾ ਮੁਖੀ ਕੋਰਸ ਦੀ ਟਰੇਨਿੰਗ ਕਰਵਾ ਕੇ ਇਕ ਨਵੀਂ ਪਹਿਲਕਦਮੀ ਕੀਤੀ ਗਈ ਹੈ।

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਵਿਖੇ ਨਸ਼ਾ ਮੁਕਤ ਹੋਏ 30 ਵਿਅਕਤੀਆਂ ਨੂੰ ਡੇਅਰੀ ਸਿਖਲਾਈ ਕੋਰਸ ਕਰਵਾਇਆ ਗਿਆ ਤੇ ਕੋਰਸ ਮੁਕੰਮਲ ਹੋਣ ’ਤੇ ਸਰਟੀਫਿਕੇਟ ਤਕਸੀਮ ਕੀਤੇ ਗਏ।

ਜ਼ਿਕਰਯੋਗ ਹੈ ਕਿ ਆਰਸੇਟੀ ਦੇ ਡਾਇਰੈਕਟਰ ਭਗਵੰਤ ਸਿੰਘ ਵਰਮਾ ਅਤੇ ਕੋਆਰਡੀਨੇਟਰ ਹਰਦੀਪ ਸਿੰਘ ਰਾਏ ਦੇ ਸਹਿਯੋਗ ਨਾਲ 30 ਨਸ਼ਾ ਮੁਕਤ ਹੋਏ ਵਿਅਕਤੀਆਂ ਦਾ ਬੈਚ ਸਾਕੇਤ ਹਸਪਤਾਲ ਵਿਖੇ ਸ਼ੁਰੂ ਕੀਤਾ ਗਿਆ ਸੀ, ਇਸ ਤਹਿਤ ਇਹਨਾਂ ਵਿਅਕਤੀਆਂ ਦੇ ਡੇਅਰੀ ਸਿਖਲਾਈ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡ ਸਮਾਰੋਹ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ ਜੱਸੋਵਾਲ ਵਿਖੇ ਕਰਵਾਇਆ ਗਿਆ।ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਪਰਮਿੰਦਰ ਕੌਰ ਮਨਚੰਦਾ ਅਤੇ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਸੁਖਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਕੌਰ ਮਨਚੰਦਾ ਨੇ ਕਿਹਾ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਸਟੇਟ ਬ੍ਰਾਂਚ ਚੰਡੀਗੜ੍ਹ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ (ਸੇਵਾ ਮੁਕਤ) ਦੀ ਰਹਿਨੁਮਾਈ ਹੇਠ ਸਾਕੇਤ ਹਸਪਤਾਲ ਵਿਖੇ ਜਿਥੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਸਮੇਂ ਸਮੇਂ ਸਿਰ ਇਹਨਾਂ ਨੌਜਵਾਨਾਂ ਨੂੰ ਯੋਗਾ, ਖੇਡਾਂ ਵੱਲ ਰੁਚੀ, ਸਭਿਆਚਾਰਕ ਗਤੀਵਿਧੀਆਂ, ਖੇਤੀਬਾੜੀ ਤੋਂ ਇਲਾਵਾ ਅਨੇਕਾਂ ਹੋਰ ਗਤੀਵਿਧੀਆਂ ਰਾਹੀਂ ਇਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਸਾਕੇਤ ਹਸਪਤਾਲ ਵਿਖੇ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਨੂੰ ਵੀ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਆਰਸੇਟੀ ਦੇ ਸਹਿਯੋਗ ਨਾਲ ਨਸ਼ਾ ਛੱਡ ਚੁੱਕੇ 30 ਨੌਜਵਾਨਾਂ ਨੂੰ ਡੇਅਰੀ ਸਿਖਲਾਈ ਕੋਰਸ ਪੂਰਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸਰਟੀਫਿਕੇਟ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਮਾਨਤਾ ਪ੍ਰਾਪਤ ਹਨ, ਇਹਨਾਂ ਸਰਟੀਫਿਕੇਟਾਂ ਰਾਹੀਂ ਨੌਜਵਾਨਾਂ ਨੂੰ ਐਸ.ਬੀ.ਆਈ ਬੈਂਕ ਵੱਲੋਂ ਲੋਨ ਵੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਇਹ ਨੌਜਵਾਨ ਆਪਣਾ ਰੁਜ਼ਗਾਰ ਚਲਾ ਸਕਣ।

ਇਸ ਮੌਕੇ ਸੁਖਜਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਨੇ ਕਿਹਾ ਕਿ ਐਸ ਐਸ ਪੀ ਪਟਿਆਲਾ ਡਾ. ਨਾਨਕ ਸਿੰਘ ਅਤੇ ਐਸ ਪੀ ਹੈਡਕੁਆਰਟਰ -ਕਮ- ਜ਼ਿਲ੍ਹਾ ਕਮਿਊਨਿਟੀ ਅਫ਼ਸਰ ਓਲੰਪੀਅਨ ਹਰਬੰਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਨੂੰ ਛੱਡ ਚੁੱਕੇ ਨੌਜਵਾਨਾਂ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਮੇਂ ਸਮੇਂ ਸਿਰ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਮੈਡੀਕਲ ਅਤੇ ਹੋਰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ।

ਪ੍ਰੋਗਰਾਮ ਦੀ ਪ੍ਰਧਾਨਗੀ ਭਗਵਾਨ ਸਿੰਘ ਵਰਮਾ ਡਾਇਰੈਕਟਰ ਆਰਸੇਟੀ ਅਤੇ ਹਰਦੀਪ ਸਿੰਘ ਰਾਏ ਕੋਆਰਡੀਨੇਟਰ ਆਰਸੇਟੀ ਨੇ ਕੀਤੀ। ਇਸ ਮੌਕੇ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਡਾ. ਸੰਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਜਤਵਿੰਦਰ ਗਰੇਵਾਲ, ਭੁਪਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਅੰਮ੍ਰਿਤ ਸਿੰਘ, ਵਰਿੰਦਰ ਸਿੰਘ, ਰੁਦਰਪ੍ਰਤਾਪ ਸਿੰਘ ਵੀ ਮੌਜੂਦ ਸਨ।

ਫ਼ੋਟੋ ਕੈਪਸ਼ਨ: ਨੌਜਵਾਨਾਂ ਨੂੰ ਡੇਅਰੀ ਸਿਖਲਾਈ ਕੋਰਸ ਦੇ ਸਰਟੀਫਿਕੇਟ ਵੰਡਦੇ ਹੋਏ ਪਰਮਿੰਦਰ ਕੌਰ ਮਨਚੰਦਾ, ਭਗਵਾਨ ਸਿੰਘ ਵਰਮਾ, ਹਰਦੀਪ ਸਿੰਘ ਰਾਏ, ਸੁਖਜਿੰਦਰ ਸਿੰਘ, ਪਰਮਿੰਦਰ ਭਲਵਾਨ ਅਤੇ ਹੋਰ