ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀ

ਸੈਮੀਨਾਰ “ਅੰਧਾ ਧੁੰਦ ਪਰਵਾਸਃ ਪੁਰਾਤਨ ਪਰਵਾਸ ਅਤੇ ਅਜੋਕੇ ਪ੍ਰਵਾਸ ਵਿੱਚ ਵੱਡਾ ਫ਼ਰਕ – ਨੌਜਵਾਨਾਂ ਸਾਹਮਣੇ ਸੁਪਨ ਸੰਸਾਰ – ਵਿਦਵਾਨਾਂ ਨੇ ਕਿਹਾ ਨਿਰੰਤਰ ਲੋਕ ਚੇਤਨਾ ਲਹਿਰ ਦੀ ਲੋੜ 

News Punjab ਮਹਿੰਗੇ ਵਿਆਹ ਤੇ ਹੋਰ ਫੁਕਰਪੰਥੀਆਂ ਤੋਂ ਵੀ ਪੰਜਾਬ ਨੂੰ ਬਚਾਉਣ ਦੀ ਲੋੜ  – ਗੁਰਪ੍ਰੀਤ ਸਿੰਘ ਤੂਰ 

ਨਿਊਜ਼ ਪੰਜਾਬ 

ਲੁਧਿਆਣਾਃ 4 ਮਾਰਚ – ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਨੇੜੇ ਮੁੱਲਾਂਪੁਰ) ਲੁਧਿਆਣਾ ਵਿਖੇ “ ਅੰਧਾ ਧੁੰਦ ਪਰਵਾਸਃ ਕਰ ਰਿਹਾ ਪੰਜਾਬ ਦਾ ਸੱਤਿਆਨਾਸ” ਵਿਸ਼ੇ ਤੇ ਕਰਵਾਈ ਅੰਤਰ ਰਾਸ਼ਟਰੀ ਵਿਚਾਰ ਗੋਸ਼ਟੀ ਦੇ ਸੁਆਗਤੀ ਸ਼ਬਦ ਬੋਲਦਿਆਂ ਸ਼੍ਰੀ

ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਟਰਸਟ ਦਾ ਸੁਪਨਾ ਪੂਰਾ ਹੋਇਆ

ਹੈ ਜਦ ਪੂਰੇ ਪੰਜਾਬੀ ਜਗਤ ਦੇ ਸਿਰਕੱਢ ਵਿਦਵਾਨ ਤੇ ਸਮਾਜਿਕ ਕਾਰਕੁਨ ਏਨੇ ਗੰਭੀਰ ਵਿਸ਼ੇ ਤੇ ਵਿਚਾਰ ਕਰਨ ਲਈ ਰਕਬਾ ਪੁੱਜੇ ਹਨ। ਉਨ੍ਹਾਂ ਕਿਹਾ ਕਿ ਅੱਜ ਫੇਰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਦੀ ਪੰਜਾਬ ਨੂੰ ਅਗਵਾਈ ਦੀ ਲੋੜ ਹੈ ਜਿਹੜਾ ਪੰਜਾਬੀਆਂ ਨੂੰ ਪੰਜਾਬ ਦੀ ਮੁੜ ਉਸਾਰੀ ਦੇ ਰਾਹ ਤੋਰ ਸਕੇ। 

ਇਸ ਅੰਤਰ ਰਾਸ਼ਟਰੀ ਵਿਚਾਰ ਗੋਸ਼ਟੀ ਦਾ ਉਦਘਾਟਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਦੇ ਚੇਅਰਮੈਨ

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਭਾਵੇਂ ਪਰਵਾਸ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਹੈ ਪਰ ਪਹਿਲੇ ਪਰਵਾਸ ਅਤੇ ਅਜੋਕੇ ਪ੍ਰਵਾਸ ਵਿੱਚ ਜਿਮੀਂ ਅਸਮਾਨ ਦਾ ਫ਼ਰਕ ਹੈ।

ਪਹਿਲਾਂ ਵਿਦੇਸ਼ੀ ਕਮਾਈ ਵਤਨਾਂ ਨੂੰ ਆਉਂਦੀ ਸੀ ਪਰ ਹੁਣ ਇੱਥੋਂ ਦੀ ਪੂੰਜੀ ਵਿਦੇਸ਼ਾਂ ਵੱਲ ਤੁਰ ਪਈ ਹੈ। ਪੰਜਾਬ ਦੇ ਸੋਮਿਆਂ ਨਾਲ ਪੜ੍ਹੇ ਨੌਜਵਾਨ ਇੱਥੇ ਰੁਜ਼ਗਾਰ ਪ੍ਰਾਪਤੀ ਉਪਰੰਤ ਵੀ ਵਿਦੇਸ਼ਾਂ ਵੱਲ ਜਾ ਰਹੇ ਹਨ। ਕੌਸ਼ਲਤਾ ਸਿਖਲਾਈ ਦੀ ਅਣਹੋਂਦ ਅਤੇ ਕਿੱਤਾ ਮੁਖੀ ਸਤਿਕਾਰ ਯੋਗ ਰੁਜ਼ਗਾਰ ਕਾਰਨ ਜਵਾਨੀ ਪੰਜਾਬ ਵਿੱਚ ਉਦਾਸ ਵੀ ਹੈ ਤੇ ਉਦਾਸੀਨ ਵੀ। ਇਸ ਜਮੂਦ ਨੂੰ ਤੋੜ ਤੇ ਹੀ ਪੰਜਾਬ ਨੂੰ ਪੰਜਾਬ ਰੱਖਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਯੋਜਨਾਕਾਰਾਂ ਨੂੰ ਜਵਾਨ ਹੱਥਾਂ ਵਾਸਤੇ ਨਵੇਂ ਨਵੇਲੇ ਹੁਨਰ ਵਿਕਾਸ ਕੇਂਦਰਾਂ ਦੀ ਜ਼ਰੂਰਤ ਹੈ ਜਿਸ ਨਾਲ ਉਹ ਕਮਾਊ ਬੱਚੇ ਬਣ ਕੇ ਪੰਜਾਬ ਦੀ ਊਰਜਾਵਾਨ ਸ਼ਕਤੀ ਬਣ ਸਕਣ। ਨਸ਼ਾਖ਼ੋਰੀ ਵਿੱਚੋਂ ਜਵਾਨੀ ਨੂੰ ਕੱਢਣ ਦਾ ਇਹੀ ਤਰੀਕਾ ਹੈ। 

ਪੰਜਾਬ ਪੁਲੀਸ ਦੇ ਰੀਟਾਇਰਡ ਕਮਿਸ਼ਨਰ ਤੱ ਪੰਜਾਬੀ ਲੇਖਕ

ਸ. ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਅੰਧਾਧੁੰਦ ਪ੍ਰਵਾਸ ਤੋਂ ਰੋਕਣ ਲਈ ਨਿਰੰਤਰ ਲੋਕ ਚੇਤਨਾ ਲਹਿਰ ਦੀ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਜ਼ਰੂਰਤ ਹੈ।

ਉਨਨ੍ਹਾਂ ਆਖਿਆ ਕਿ ਜੀਵੇ ਪੰਜਾਬ ਸੰਸਥਾ ਵੱਲੋਂ ਉਹ ਪੂਰੇ ਪੰਜਾਬ ਦੇ ਵਾਲੰਟੀਅਰਜ਼ ਸਮੇਤ ਲਗਾਤਾਰ ਸਕੂਲਾਂ ਕਾਲਜਾਂ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਮਹਿੰਗੇ ਵਿਆਹ ਤੇ ਹੋਰ ਫੁਕਰਪੰਥੀਆਂ ਤੋਂ ਵੀ ਪੰਜਾਬ ਨੂੰ ਬਚਾਉਣ ਦੀ ਲੋੜ ਤੇ ਜ਼ੋਰ ਦਿੱਤਾ। 

ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੀ ਕੈਨੇਡਾ ਇਕਾਈ 

ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਵਿਦੇਸ਼ ਵਿੱਚ ਜਾ ਰਹੇ ਨੌਜਵਾਨਾਂ ਸਾਹਮਣੇ ਸੁਪਨ ਸੰਸਾਰ ਤਾਂ ਹੈ ਪਰ ਉਨ੍ਹਾਂ ਨੂੰ ਹਕੀਕਤ ਦੇ ਨੇੜੇ ਲਿਆਉਣ ਵਾਲਾ ਕੋਈ ਨਹੀਂ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਰੈਵਲ ਏਜੰਟਸ ਤੇ ਸਖ਼ਤ ਨਿਗਰਾਨੀ ਰੱਖਣ ਦੇ ਨਾਲ ਨਾਲ ਕੇਰਲਾ ਵਾਂਗ ਬਦੇਸ਼ ਜਾਣ ਵਾਲੇ ਹਰ ਪੰਜਾਬੀ ਦਾ ਰੀਕਾਰਡ ਰੱਖਿਆ ਜਾਵੇ ਤਾਂ ਜੋ ਉਹ ਗਲਤ ਹੱਥਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਤੇ ਭਵਿੱਖ ਨੂੰ ਖ਼ਤਰੇ ਵਿੱਚ ਨਾ ਪਾਵੇ। 

ਵੈਨਕੁਵਰ ਵਿਚਾਹ ਮੰਚ ਸੱਰੀ ਕੈਨੇਡਾ ਦੇ ਪ੍ਰਤੀਨਿਧ

ਪੰਜਾਬੀ ਕਵੀ ਮੋਹਨ ਗਿੱਲ ਨੇ ਕਿਹਾ ਕਿ 1977 ਵਿੱਚ ਅਸੀਂ ਲੋਕ ਆਪੋ ਆਪਣੇ ਘਰਾਂ ਦੀਆਂ ਜ਼ਰੂਰਤਾਂ ਪੂਰਨ ਲਈ ਇਸ ਆਸ ਤੇ ਕੈਨੇਡਾ ਗਏ ਸੀ ਕਿ ਖੱਟ ਕਮਾ ਕੇ ਪਰਤ ਆਵਾਂਗੇ

ਪਰ ਉੱਥੋਂ ਦੀ ਅਨੁਸ਼ਾਸਨ ਬੱਧ ਸੋਸਾਇਟੀ ਨੇ ਸਾਡਾ ਮਨ ਜਿੱਤ ਲਿਆ। ਕਾਨੂੰਨ ਦਾ ਰਾਜ ਜੇ ਆਪਣੇ ਵਤਨ ਵਿੱਚ ਲਾਗੂ ਹੋਵੇ ਤਾਂ ਕਿਸੇ ਦਾ ਵੀ ਪਰਦੇਸੀ ਹੋਣ ਨੂੰ ਦਿਲ ਨਾ ਕਰੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿੰਡ ਡੇਹਲੋਂ ਨੂੰ ਸੱਦਾ ਆਪਣੇ ਅੰਗ ਸੰਗ ਰੱਖਿਆ ਹੈ ਅਤੇ ਹੁਣ ਵੀ ਇਸ ਦੇ ਨਾਲ ਨਾਲ ਹੀ ਜਿਉਂਦਾ ਹਾਂ। 

“ਕਲਮਾਂ ਦਾ ਕਾਫ਼ਲਾ” ਟੋਰੰਟੋ ਦੇ ਪ੍ਰਤੀਨਿਧ ਤੇ ਪੰਜਾਬੀ ਲੇਖਕ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸ਼ਾਤਰ ਹਕੂਮਤਾਂ ਹਮੇਸ਼ਾਂ ਉਹ ਜਾਲ ਵਿਛਾਉਂਦੀਆਂ ਹਨ ਜਿਸ ਵਿੱਚ ਭੋਲੇ ਪੰਛੀ ਫਸ ਸਕਣ।

ਅਮਰੀਕਾਕੈਨੇਡਾ ਤੇ ਆਸਟਰੇਲੀਆਂ ਦੀ ਆਵਾਸ ਨੀਤੀ ਨੇ ਹੀ ਵੱਧ ਵਿਦਿਆਰਥੀਆਂ ਨੂੰ ਇਨ੍ਹਾਂ ਮੁਲਕਾਂ ਵੱਲ ਜਾਣ ਲਈ ਉਤਸ਼ਾਹਤ ਕੀਤਾ ਹੈ। ਪੰਜਾਬੀਆਂ ਨੂੰ ਆਪਣੀ ਪ੍ਰਸ਼ਾਸਨਿਕ ਸਥਿਤੀ ਸੁਧਾਰ ਕੇ ਪੰਜਾਬੀ ਬੱਚਿਆਂ ਨੂੰ ਸਿਖਲਾਈ ਉਪਰੰਤ ਰੁਜ਼ਗਾਰ ਯੋਗ ਬਣਾਉਣਾ ਚਾਹੀਦਾ ਹੈ। ਪੰਜਾਬ ਵਿੱਚ ਵੀ ਰੁਜ਼ਗਾਰ ਦੇ ਮੌਕੇ ਘੱਟ ਨਹੀਂ ਹਨ ਸਿਰਫ਼ ਸਮਾਂਬੱਧ ਵਿਉਂਤਕਾਰੀ ਦੀ ਲੋੜ ਹੈ।

ਟੋਰੰਟੋ ਵੱਸਦੇ ਪੰਜਾਬੀ ਪੱਤਰਕਾਰ ਤੇ ਸਮਾਜਿਕ ਆਗੂ ਸਤਿਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਯੋਜਨਾ ਪੱਖੋਂ ਪਿੰਡ ਆਧਾਰਿਤ ਰੁਜ਼ਗਾਰ ਵੱਲ ਮੋੜਨ ਦੀ ਲੋੜ ਹੈ। 

  • ਨਿਊ ਜਰਸੀ(ਅਮਰੀਕਾ) ਵਾਸੀ ਸ. ਬੂਟਾ ਸਿੰਘ ਹਾਂਸ ਨੇ ਕਿਹਾ ਕਿ ਨਿਊ ਜਰਸੀ(ਅਮਰੀਕਾ) ਵਾਸੀ ਸ. ਬੂਟਾ ਸਿੰਘ ਹਾਂਸ ਨੇ ਕਿਹਾ ਕਿ ਬਦੇਸ਼ ਜਾਣਾ ਗਲਤ ਨਹੀਂ ਪਰ ਗਲਤ ਤਰੀਕਿਆਂ ਨਾਲ ਜਾ ਕੇ ਉੱਜੜਨਾ ਆਤਮਘਾਤੀ ਕਦਮ ਹੈ। 

ਬੀਬੀ ਕਰਮਜੀਤ ਕੌਰ ਛੰਦੜਾਂ ਨੇ ਕਿਹਾ ਕਿ ਵਿਦੇਸ਼ ਵਿੱਚ ਵੱਸਣ ਉਪਰੰਤ ਹੁਣ ਮੈਂ ਜਾਣ ਗਈ ਹਾਂ ਕਿ ਆਪਣੇ ਵਤਨ  ਵੱਸਣਾ ਹੀ ਬੇਹਤਰ ਹੈ।

ਇਸੇ ਕਰਕੇ ਮੈਂ ਤੇ ਮੇਰਾ ਪਰਿਵਾਰ ਪੰਜਾਬ ਵਿੱਚ ਬਹੁਤਾ ਸਮਾਂ ਗੁਜ਼ਾਰ ਕੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਇਸ ਧਰਤੀ ਨਾਲ ਜੋੜ ਰਿਹਾ ਹੈ। 

ਲੁਧਿਆਣਾ ਦੇ ਉੱਘੇ ਸਮਾਜ ਸੇਵੀ ਸੁਸ਼ੀਲ ਮਲਹੋਤਰਾ ਨੇ ਪੰਜਾਬ ਨੂੰ ਮੁੜ ਪੁਰਾਤਨ ਵਿਕਾਸ ਲੀਹਾਂ ਤੇ ਲਿਆਉਣ ਲਈ ਪਰਵਾਸੀ ਵੀਰਾਂ ਤੋਂ ਸਹਿਯੋਗ ਮੰਗਿਆ। 

ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਸਵੀਡਨ ਇਕਾਈ ਦੇ ਪ੍ਰਧਾਨ ਵਜੋਂ ਸ. ਅਮਰਜੀਤ ਸਿੰਘ ਸੀਕਰੀ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਧਾਨ ਥਾਪਿਆ। 

ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮਪ੍ਰੀਤ ਸਿੰਘ ਛੋਕਰਾਂ,ਤੇਜਿੰਦਰ ਕੌਰ ਰਕਬਾ, ਕਮਲਜੀਤ ਕੌਰ ਹਿੱਸੋਵਾਲ, ਕਰਮਜੀਤ ਕੌਰ ਛੰਦੜਾਂ, ਕਰਨੈਲ ਸਿੰਘ ਗਿੱਲ ਪ੍ਰਧਾਨ,ਬੂਟਾ ਸਿੰਘ ਹਾਂਸ (ਅਮਰੀਕਾ) , ਸ. ਹਰਬੰਤ ਸਿੰਘ ਦਿਉਲ(ਕੈਨੇਡਾ), ਸੁਖਵਿੰਦਰ ਸਿੰਘ ਬਸਹਿਮੀ, ਰਛਪਾਲ ਸਿੰਘ ਤਲਵਾੜਾ, ਬਿੰਦਰ ਗਰੇਵਾਲ(ਕੈਨੇਡਾ),ਜਸਮੇਲ ਸਿੰਘ ਸਿੱਧੂ( ਅਮਰੀਕਾ), ਨਿਰਮਲ ਸਿੰਘ ਗਰੇਵਾਲ (ਕੈਨੇਡਾ),ਕਮਿੱਕਰ ਸਿੰਘ ਜੰਡੀ( ਅਮਰੀਕਾ),ਜਗਮੋਹਨ ਸਿੰਘ ਥਿੰਦ, ਪ੍ਰਿੰਸੀਪਲ ਪਰਮਜੀਤ ਸਿੰਘ, ਸੁਖਦੀਪ ਸਿੰਘ ਮੋਹੀ, ਬਾਵਾ ਬਿੱਟੂ, ਬਲਵਿੰਦਰ ਸਿੰਘ ਸਿੱਧੂ(ਅਮਰੀਕਾ) ਰਣਜੀਤ ਸਿੰਘ ਸਰਪੰਚ, ਪਲਵਿੰਦਰ ਸਿੰਘ ਢਿੱਲੋਂ,ਰਣਬੀਰ ਸਿੰਘ ਯੂਥ ਪ੍ਰਧਾਨ, ਨਿਰਭੈ ਸਿੰਘ ਜੋਗੀ(ਜਰਮਨ), ਜਗਜੀਵਨ ਸਿੰਘ ਗਰੀਬ, ਵਿਨੋਦ ਕਾਲੀਆ,ਸੁਸ਼ੀਲ ਮਲਹੋਤਰਾ, ਬਲਵੰਤ ਸਿੰਘ ਧਨੋਆ, ਲਾਲੀ ਭਨੋਹੜ, ਤਾਰਾ ਸਿੰਘ ਸਿੱਧੂ, ਭਲਵਾਨ ਰਕਬਾ(ਗਾਇਕ) ਵੀ ਹਾਜ਼ਰ ਸਨ।