ਦਿੱਲੀ ਦੇ ਸਿੱਖ ਦੰਗਿਆ ਦੌਰਾਨ ਹੱਤਿਆ ਮਾਮਲੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ
ਦਿੱਲੀ,12 ਫਰਵਰੀ 2025
1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦਿੱਲੀ ਦੀ ਰਾਊਜ਼ ਐਵਿਨਿਊ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਇੱਕ ਕੇਸ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਸੱਜਣ ਕੁਮਾਰ ਦੀ ਸਜ਼ਾ ‘ਤੇ 18 ਫਰਵਰੀ ਨੂੰ ਬਹਿਸ ਹੋਵੇਗੀ।
ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤ ਤਰੁਣਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਸੱਜਣ ਕੁਮਾਰ ਮੁਲਜ਼ਮ ਸਨ। ਕੋਰਟ ਨੇ 12 ਫਰਵਰੀ 2025 (ਬੁੱਧਵਾਰ) ਨੂੰ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ।
ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦਾ ਦੋਸ਼ ਹੈ ਕਿ ਕੁਮਾਰ, ਜੋ ਉਸ ਸਮੇਂ ਬਾਹਰੀ ਦਿੱਲੀ ਤੋਂ ਕਾਂਗਰਸ ਦੇ ਸੰਸਦ ਮੈਂਬਰ ਸਨ , ਨੇ ਇੱਕ ਭੀੜ ਦੀ ਅਗਵਾਈ ਕੀਤੀ ਜਿਸਨੇ ਦੋ ਸਿੱਖ ਵਿਅਕਤੀਆਂ – ਜਸਵੰਤ ਸਿੰਘ ਅਤੇ ਉਸਦੇ ਪੁੱਤਰ ਤਰੁਣਦੀਪ ਸਿੰਘ – ਨੂੰ ਜ਼ਿੰਦਾ ਸਾੜ ਦਿੱਤਾ ਅਤੇ ਉਸਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਉਨ੍ਹਾਂ ਦੇ ਘਰਾਂ ਨੂੰ ਤਬਾਹ ਅਤੇ ਲੁੱਟਿਆ। SIT ਦੀ ਨੁਮਾਇੰਦਗੀ ਅਦਾਲਤ ਵਿੱਚ ਵਧੀਕ ਸਰਕਾਰੀ ਵਕੀਲ ਮਨੀਸ਼ ਰਾਵਤ ਨੇ ਕੀਤੀ।