ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਤਇਨਾਤ ਸੀਨੀਅਰ ਸਿਪਾਹੀ 15 ਗ੍ਰਾਮ ਹੈਰੋਇਨ ਤੇ ਚਾਰ ਜਰਦੇ ਦੀਆਂ ਪੁੜੀਆਂ ਸਮੇਤ ਕਾਬੂ
ਨਿਊਜ਼ ਪੰਜਾਬ,1 ਫਰਵਰੀ 2025
ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਤਇਨਾਤ ਪੀਏਪੀ ਦੇ ਸੀਨੀਅਰ ਸਿਪਾਹੀ ਨੂੰ ਜੇਲ੍ਹ ਅਧਿਕਾਰੀਆਂ ਨੇ ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਸੀਨੀਅਰ ਸਿਪਾਹੀ ਦੀ ਪਛਾਣ ਤਸਵੀਰ ਸਿੰਘ ਵਾਸੀ ਪਿੰਡ ਵਜੀਦਪੁਰ ਭੋਮਾ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਸੀਨੀਅਰ ਸਿਪਾਹੀ ਦੀ ਕੇਂਦਰੀ ਜੇਲ੍ਹ ਵਿਚ ਡਿਊਟੀ ਲੱਗੀ ਹੋਈ ਸੀ। ਪੁਲਿਸ ਅਨੁਸਾਰ ਉਕਤ ਸਿਪਾਹੀ ਜਦੋਂ ਡਿਊਟੀ ਲਈ ਕੇਂਦਰੀ ਜੇਲ੍ਹ ਵਿਚ ਆਇਆ ਤਾਂ ਇਸ ਦੌਰਾਨ ਡਿਊਟੀ ਵਿਚ ਤਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਉਕਤ ਸਿਪਾਹੀ ਕੋਲੋਂ ਲਕੋਈ ਹੋਈ 15 ਗ੍ਰਾਮ ਹੈਰੋਇਨ ਅਤੇ ਚਾਰ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ। ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਸਿਪਾਹੀ ਤਸਵੀਰ ਸਿੰਘ ਨੂੰ ਕਾਬੂ ਕਰ ਲਿਆ ਤੇ ਇਸ ਦੀ ਸੂਚਨਾ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੂੰ ਦਿੱਤੀ। ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਤਇਨਾਤ ਸਿਪਾਹੀ ਤਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।