ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ – ਏਅਰ ਇੰਡੀਆ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ – ਟਰਮੀਨਲ ‘ਤੇ 100 ਫੀਸਦ ਸਿਵਲ ਕਾਰਜ਼ ਹੋਏ ਮੁਕੰਮਲ
ਡਾ. ਗੁਰਪ੍ਰੀਤ ਸਿੰਘ
ਲੁਧਿਆਣਾ, 17 ਜਨਵਰੀ – ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਗਾਮੀ ਹਲਵਾਰਾ ਹਵਾਈ ਅੱਡੇ ਦੀ ਟਰਮੀਨਲ ਸਾਈਟ ‘ਤੇ ਸਿਵਲ ਕਾਰਜ਼ 100 ਫੀਸਦ ਮੁਕੰਮਲ ਹੋ ਚੁੱਕੇ ਹਨ।
ਲੋਕ ਨਿਰਮਾਣ ਵਿਭਾਗ, ਪਲਲਿਕ ਹੈਲਥ, ਪੀ.ਐਸ.ਪੀ.ਸੀ.ਐਲ., ਏ.ਏ.ਆਈ., ਐਨ.ਐਚ.ਏ.ਆਈ., ਡਰੇਨੇਜ ਅਤੇ ਸਾਈਟ ‘ਤੇ ਠੇਕੇਦਾਰ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜੋਰਵਾਲ ਨੇ ਕਿਹਾ ਕਿ ਆਈ.ਏ.ਐਫ. ਕੈਂਪਸ ‘ਤੇ ਕੁਝ ਆਖਰੀ ਮੀਲ ਸੰਪਰਕ ਦੇ ਕੰਮਾਂ ਦੀ ਗਤੀ ਵੀ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਆਈ.ਏ.ਐਫ. ਨਾਲ ਲਗਾਤਾਰ ਸੰਪਰਕ ਵਿੱਚ ਹੈ। ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅੰਦਰੂਨੀ ਸੜਕਾਂ, ਜਨਤਕ ਸਿਹਤ ਸੇਵਾਵਾਂ, ਕੈਂਪਸ ਲਾਈਟਿੰਗ, ਟਰਮੀਨਲ ਬਿਲਡਿੰਗ, ਪਾਵਰ ਸਬ-ਸਟੇਸ਼ਨ, ਟਾਇਲਟ ਬਲਾਕ ਅਤੇ ਪਾਰਕਿੰਗ ਦਾ ਨਿਰਮਾਣ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ।
ਏਅਰ ਇੰਡੀਆ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ
ਡਿਪਟੀ ਕਮਿਸ਼ਨਰ ਵੱਲੋਂ ਉਡਾਣ ਸੰਚਾਲਨ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਏਅਰ ਇੰਡੀਆ ਪਹਿਲਾਂ ਹੀ ਹਲਵਾਰਾ ਹਵਾਈ ਅੱਡੇ ਦੇ ਅਧਿਕਾਰਤ ਤੌਰ ‘ਤੇ ਚਾਲੂ ਹੋਣ ਅਤੇ ਸਾਰੀਆਂ ਲੋੜੀਂਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਹਵਾਈ ਅੱਡਾ ਇੱਕ ਆਰਥਿਕ ਉਤਪ੍ਰੇਰਕ ਹੋਵੇਗਾ ਜੋ ਉਦਯੋਗਿਕ ਵਿਕਾਸ, ਨਿਰਯਾਤ, ਰੋਜ਼ਗਾਰ, ਰੀਅਲ ਅਸਟੇਟ ਅਤੇ ਹੋਰਾਂ ਨੂੰ ਹੁਲਾਰਾ ਦੇਵੇਗਾ।