ਗੁਰਦਾਸਪੁਰ ‘ਚ ਪੁਰਾਣੀ ਰੰਜਿਸ਼ ਕਰਕੇ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ 

ਨਿਊਜ਼ ਪੰਜਾਬ 

ਗੁਰਦਾਸਪੁਰ : 16 ਜਨਵਰੀ 2025

 

ਗੁਰਦਾਸਪੁਰ ਵਿਚ ਪੁਰਾਣੀ ਰੰਜਿਸ਼ ਕਰਕੇ ਇਕ ਔਰਤ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਸੁਰਿੰਦਰ ਕੌਰ ਵਜੋਂ ਹੋਈ ਹੈ। ਇਹ ਘਟਨਾ ਪੁਰਾਣਾ ਸ਼ਾਲਾ ਥਾਣਾ ਖੇਤਰ ਦੇ ਪਿੰਡ ਨਵਾਂ ਪਿੰਡ ਬਹਾਦਰਪੁਰ ਦੀ ਹੈ।

ਘਟਨਾ ਸਮੇਂ ਸੁਰਿੰਦਰ ਕੌਰ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਇਸ ਦੌਰਾਨ ਦੋਸ਼ੀ ਨੇ ਉਸ ’ਤੇ ਕਿਰਚ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਔਰਤ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।ਮ੍ਰਿਤਕ ਔਰਤ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ 14 ਜਨਵਰੀ ਨੂੰ ਉਨ੍ਹਾਂ ਦੇ ਗੁਆਂਢੀ ਸ਼ਿੰਗਾਰਾ ਸਿੰਘ ਨੇ ਉਨ੍ਹਾਂ ਦੀ ਹਵੇਲੀ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਲਈ ਪ੍ਰੋਗਰਾਮ ਕੀਤਾ ਸੀ।

ਉਹ ਆਪਣੀ ਪਤਨੀ ਸੁਰਿੰਦਰ ਕੌਰ ਅਤੇ ਪੁੱਤਰ ਹਰਮਨਪ੍ਰੀਤ ਸਿੰਘ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪਣੀ ਹਵੇਲੀ ਗਏ ਸਨ। ਇਸ ਦੌਰਾਨ ਨਰਿੰਜਨ ਸਿੰਘ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ, ਉਸ ਦੀ ਪਤਨੀ ਅਤੇ ਪੁੱਤਰ ਨਰਿੰਜਨ ਨੂੰ ਸਮਝਾਉਣ ਲਈ ਗਲੀ ਵਿੱਚ ਗਏ। ਉਹ ਬਾਹਰ ਕਿਰਚ ਲੈ ਕੇ ਖੜ੍ਹਾ ਸੀ। ਜਦੋਂ ਉਸ ਦੀ ਪਤਨੀ ਨਰਿੰਜਨ ਦੇ ਨੇੜੇ ਪਹੁੰਚੀ ਤਾਂ ਉਸ ਨੇ ਉਸ ਦੀ ਪਤਨੀ ’ਤੇ ਕਿਰਚ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਪਤਨੀ ਖੂਨ ਨਾਲ ਲੱਥਪੱਥ ਹੋ ਗਈ ਅਤੇ ਜ਼ਮੀਨ ‘ਤੇ ਡਿੱਗ ਪਈ। ਹਮਲੇ ਤੋਂ ਬਾਅਦ ਨਰਿੰਜਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਹ ਜ਼ਖਮੀ ਪਤਨੀ ਨੂੰ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਹੀ ਮੁਲਜ਼ਮ ਨੇ ਉਸ ਦੀ ਪਤਨੀ ਦਾ ਮਜ਼ਾਕ ਉਡਾਇਆ ਸੀ ਜਿਸ ਦਾ ਉਸ ਦੀ ਪਤਨੀ ਨੇ ਵਿਰੋਧ ਕੀਤ ਜਿਸ ਕਾਰਨ ਮੁਲਜ਼ਮ ਉਸ ਦੀ ਪਤਨੀ ਨਾਲ ਰੰਜਿਸ਼ ਰੱਖਦਾ ਸੀ।