ਮੁੱਖ ਖ਼ਬਰਾਂਪੰਜਾਬ

ਕੋਟਾ ‘ਚ 24 ਘੰਟਿਆਂ ਦੇ ਅੰਦਰ JEE ਦੀ ਤਿਆਰੀ ਕਰ ਰਹੇ 2 ਕੋਚਿੰਗ ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ

ਕੋਟਾ,9 ਜਨਵਰੀ 2025

ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਇੱਕ 20 ਸਾਲਾ ਨੌਜਵਾਨ, ਜੋ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਦੀ ਤਿਆਰੀ ਕਰ ਰਿਹਾ ਸੀ, ਨੇ ਕਥਿਤ ਤੌਰ ‘ਤੇ ਆਪਣੇ ਪੀਜੀ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੱਧ ਪ੍ਰਦੇਸ਼ ਦੇ ਗੁਨਾ ਨਿਵਾਸੀ ਅਭਿਸ਼ੇਕ ਵਜੋਂ ਹੋਈ ਹੈ, ਜੋ ਪਿਛਲੇ ਸਾਲ ਮਈ ਤੋਂ ਕੋਟਾ ਦੇ ਇਕ ਕੋਚਿੰਗ ਇੰਸਟੀਚਿਊਟ ‘ਚ ਜੇਈਈ ਦੀ ਤਿਆਰੀ ਕਰ ਰਿਹਾ ਸੀ। ਇਹ ਵਿਦਿਆਰਥੀ ਇੱਥੋਂ ਦੇ ਵਿਗਿਆਨ ਨਗਰ ਥਾਣੇ ਅਧੀਨ ਪੈਂਦੇ ਢਕਾਨੀਆ ਇਲਾਕੇ ਵਿੱਚ ਇੱਕ ਪੀਜੀ ਕਮਰੇ ਵਿੱਚ ਰਹਿੰਦਾ ਸੀ।

ਵਿਗਿਆਨ ਨਗਰ ਥਾਣੇ ਦੇ SHO ਮੁਕੇਸ਼ ਮੀਨਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਗੁਨਾ ਦੇ ਰਹਿਣ ਵਾਲੇ ਅਭਿਸ਼ੇਕ (20) ਨੇ ਕਥਿਤ ਤੌਰ ‘ਤੇ ਆਪਣੇ ਪੀਜੀ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਕਰੀਬ 7.45 ਵਜੇ ਇਸ ਸਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ।

ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ, ਜਿੱਥੇ ਉਸਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਐਸਐਚਓ ਨੇ ਅੱਗੇ ਦੱਸਿਆ ਕਿ ਪੀਜੀ ਦੇ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਨੌਜਵਾਨ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਦੱਸ ਦੇਈਏ ਕਿ ਕੋਚਿੰਗ ਹੱਬ ਕੋਟਾ ਵਿੱਚ 24 ਘੰਟਿਆਂ ਦੇ ਅੰਦਰ ਦੋ ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਇੱਕ ਹੋਰ ਜੇਈਈ ਉਮੀਦਵਾਰ ਨੀਰਜ (19) ਨੇ ਮੰਗਲਵਾਰ ਦੇਰ ਸ਼ਾਮ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਨੀਰਜ ਪਿਛਲੇ ਦੋ ਸਾਲਾਂ ਤੋਂ ਕੋਟਾ ਦੇ ਰਾਜੀਵ ਗਾਂਧੀ ਨਗਰ ਇਲਾਕੇ ‘ਚ ਆਨੰਦ ਕੁੰਜ ਰੈਜ਼ੀਡੈਂਸੀ ‘ਚ ਰਹਿ ਕੇ ਜੇਈਈ ਦੀ ਤਿਆਰੀ ਕਰ ਰਿਹਾ ਸੀ।