ਕਸ਼ਮੀਰ ਘਾਟੀ ਬਰਫ਼ ਨਾਲ ਚਿੱਟੀ ਹੋ ਗਈ, ਵਾਹਨ ਫਸੇ, ਸੜਕਾਂ ਬੰਦ, ਰੇਲ ਗੱਡੀਆਂ ਅਤੇ ਉਡਾਣਾਂ ਵੀ ਪ੍ਰਭਾਵਿਤ
ਜੰਮੂ-ਕਸ਼ਮੀਰ,28 ਦਿਸੰਬਰ 2024
ਜੰਮੂ-ਕਸ਼ਮੀਰ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਸੋਨਮਰਗ, ਗੁਲਮਰਗ, ਭੱਦਰਵਾਹ, ਡੋਡਾ, ਗੰਦਰਬਲ, ਪੁਲਵਾਮਾ, ਸ਼੍ਰੀਨਗਰ, ਅਨੰਤਨਾਗ, ਬਾਰਾਮੂਲਾ ਅਤੇ ਬਡਗਾਮ ‘ਚ ਬਰਫਬਾਰੀ ਕਾਰਨ ਸੈਲਾਨੀਆਂ ਦੀ ਆਵਾਜਾਈ ਵਧ ਗਈ ਹੈ। ਪਾਰਾ ਮਾਈਨਸ ‘ਚ ਚਲਾ ਗਿਆ ਹੈ, ਜਿਸ ਕਾਰਨ ਘਾਟੀ ‘ਚ ਠੰਡ ਹੋਰ ਵਧ ਗਈ ਹੈ। ਕਸ਼ਮੀਰ ਦੇ ਪਹਾੜੀ ਇਲਾਕਿਆਂ ‘ਚ ਬਰਫ ਦੀ ਮੋਟੀ ਪਰਤ ਜਮ੍ਹਾ ਹੋ ਗਈ ਹੈ, ਉਥੇ ਹੀ ਘਾਟੀ ‘ਚ ਬਰਫਬਾਰੀ ਨੇ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ।
ਸ਼੍ਰੀਨਗਰ ਅਤੇ ਗੁਲਮਰਗ ਵਰਗੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ‘ਤੇ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ, ਹਾਲਾਂਕਿ ਤਾਜ਼ਾ ਬਰਫਬਾਰੀ ਕਾਰਨ ਸੜਕਾਂ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਪ੍ਰਸ਼ਾਸਨ ਬਰਫ ਹਟਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਸਥਾਨਕ ਲੋਕ ਅਤੇ ਸੈਲਾਨੀ ਇਸ ਬਰਫਬਾਰੀ ਦਾ ਆਨੰਦ ਲੈ ਰਹੇ ਹਨ ਪਰ ਠੰਡ ਕਾਰਨ ਮੁਸ਼ਕਲਾਂ ਵੀ ਵਧ ਗਈਆਂ ਹਨ। ਕਸ਼ਮੀਰ ‘ਚ ਭਾਰੀ ਬਰਫਬਾਰੀ ਤੋਂ ਬਾਅਦ ਕਸ਼ਮੀਰ ਘਾਟੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ ਸ੍ਰੀਨਗਰ ਦੇ ਰਨਵੇਅ ‘ਤੇ ਬਰਫ਼ਬਾਰੀ ਕਾਰਨ ਉਡਾਣਾਂ ਮੁਅੱਤਲ ਹਨ। ਕਾਜ਼ੀਗੁੰਡ ‘ਚ ਸੜਕ ‘ਤੇ ਦੋ ਫੁੱਟ ਬਰਫ ਜਮ੍ਹਾ ਹੋਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਬਨਿਹਾਲ ਤੋਂ ਬਾਰਾਮੂਲਾ ਤੱਕ ਰੇਲ ਸੇਵਾ ਵੀ ਮੁਅੱਤਲ ਹੈ।