ਮੁੱਖ ਖ਼ਬਰਾਂਭਾਰਤ

ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 27ਵੇਂ ਦਿਨ ਵੀ ਜਾਰੀ ,ਹਾਲਤ ਗੰਭੀਰ, ਡਾਕਟਰਾਂ ਨੇ ਜਤਾਈ ਚਿੰਤਾ

23 ਦਿਸੰਬਰ 2024

ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਉਨ੍ਹਾਂ ਦਾ ਮਰਨ ਵਰਤ 27ਵੇਂ ਦਿਨ ਵੀ ਜਾਰੀ ਹੈ। ਉਨ੍ਹਾਂ ਦੀ ਹਾਲਤ ‘ਤੇ ਨਜ਼ਰ ਰੱਖ ਰਹੇ ਡਾਕਟਰਾਂ ਨੇ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਆਗੂ ਨੂੰ ਦਿਲ ਦੀ ਧੜਕਣ ਰੁਕਣ ਅਤੇ ਕਈ ਅੰਗਾਂ ਦੇ ਕੰਮ ਕਰਨ ਦੇ ਬੰਦ ਹੋਣ ਦਾ ਖਤਰਾ ਹੈ।

ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਹੇਮੋਡਾਇਨਾਮਿਕ ਤੌਰ ‘ਤੇ ਅਸਥਿਰ ਹੈ । ਅਜਿਹੇ ਮਰੀਜ਼ਾਂ ਨੂੰ ਆਈ.ਸੀ.ਯੂ. ਵਿੱਚ ਦਾਖਲ ਕਰਵਾਉਣ ਦੀ ਲੋੜ ਹੁੰਦੀ ਹੈ। “ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।”

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡਾਕਟਰਾਂ ਦੀ ਸਲਾਹ ਤੋਂ ਬਾਅਦ ਸੀਨੀਅਰ ਕਿਸਾਨ ਆਗੂ ਐਤਵਾਰ ਨੂੰ ਸਟੇਜ ’ਤੇ ਨਹੀਂ ਆਏ। ਬਿਆਨ ‘ਚ ਕਿਹਾ ਗਿਆ ਹੈ ਕਿ 27 ਦਿਨਾਂ ਤੋਂ ਲਗਾਤਾਰ ਮਰਨ ਵਰਤ ‘ਤੇ ਬੈਠਣ ਕਰਕੇ ਉਨ੍ਹਾਂ ਦੀ ਇਮਿਊਨਿਟੀ ਕਾਫੀ ਕਮਜ਼ੋਰ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਦਾ ਖਤਰਾ ਹੈ। ਡੱਲੇਵਾਲ ਦੀ ਜਾਂਚ ਕਰਨ ਵਾਲੇ ਇੱਕ ਡਾਕਟਰ ਨੇ ਦੱਸਿਆ, “ਉਨ੍ਹਾਂ ਦੇ ਹੱਥ-ਪੈਰ ਠੰਡੇ ਸਨ। ਭੁੱਖ ਉਨ੍ਹਾਂ ਦੇ ਦਿਮਾਗੀ ਪ੍ਰਣਾਲੀ, ਜਿਗਰ ਅਤੇ ਗੁਰਦਿਆਂ ਵਰਗੇ ਮਹੱਤਵਪੂਰਣ ਅੰਗਾਂ ਨੂੰ ਪ੍ਰਭਾਵਤ ਕਰ ਰਹੀ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਘੱਟ-ਵੱਧ ਰਿਹਾ ਹੈ, ਕਈ ਵਾਰ ਬਹੁਤ ਤੇਜ਼ੀ ਨਾਲ ਡਿੱਗ ਜਾਂਦਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।”