HARYANAਮੁੱਖ ਖ਼ਬਰਾਂ

ਜੇ ਧਾਰਾ 163 ਲੱਗੀ ਹੈ ਤਾਂ ਅੰਬਾਲਾ ‘ਚ ਸਤਿੰਦਰ ਸਰਤਾਜ ਦੇ ਪ੍ਰੋਗਰਾਮ ‘ਚ ਕਿਵੇਂ ਇਕੱਠੀ ਹੋਈ ਭੀੜ; ਕਿਸਾਨਾਂ ਨੇ ਪੁਲਿਸ ‘ਤੇ ਖੜ੍ਹੇ ਕੀਤੇ ਸਵਾਲ

ਹਰਿਆਣਾ,7 ਦਿਸੰਬਰ 2024

ਹਰਿਆਣਾ ਪੁਲਿਸ ਨੇ ਭਾਰਤੀ ਨਿਆਂ ਸਾਹਿਤਾ (BNS) ਦੀ ਧਾਰਾ 163 (ਪਹਿਲਾਂ 144) ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਮਾਰਚ ਕਰਨ ਤੋਂ ਰੋਕਿਆ ਪਰ ਉਸੇ ਅੰਬਾਲਾ ਵਿੱਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਵੇਂ ਹੀ ਕਿਸਾਨ ਆਗੂਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ‘ਤੇ ਸਵਾਲ ਖੜ੍ਹੇ ਕਰ ਦਿੱਤੇ।ਕਿਸਾਨ ਮਜ਼ਦੂਰ ਮੋਰਚਾ (KMM) ਨੇ ਇਸ ਬਾਰੇ ਸੋਸ਼ਲ ਮੀਡੀਆ (X) ‘ਤੇ ਪੋਸਟ ਕਰਦਿਆਂ ਕਿਹਾ – “ਅਸੀਂ ਅੰਬਾਲਾ ਵਿੱਚ ਗਾਇਕ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੇ ਵਿਰੁੱਧ ਨਹੀਂ ਹਾਂ, ਪਰ ਅੱਜ ਅੰਬਾਲਾ ਵਿੱਚ ਧਾਰਾ 163 ਲਾਗੂ ਕੀਤੀ ਗਈ ਹੈ ਤਾਂ ਜੋ ਕਿਸਾਨ ਦਿੱਲੀ ਨਾ ਜਾ ਸਕਣ, ਅਜਿਹੇ ਵਿੱਚ ਪ੍ਰੋਗਰਾਮ ਕਿਵੇਂ ਆਯੋਜਿਤ ਕੀਤਾ ਜਾ ਸਕਦਾ ਹੈ ?” ਹਾਲਾਂਕਿ ਅਜੇ ਤੱਕ ਇਸ ਸਬੰਧੀ ਅੰਬਾਲਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਜ਼ਿਕਰ ਕਰ ਦਈਏ ਕਿ ਕੱਲ੍ਹ (6 ਦਸੰਬਰ) 101 ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ। ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਜਿਸ ‘ਚ 8 ਕਿਸਾਨ ਜ਼ਖਮੀ ਹੋ ਗਏ। ਦੱਸ ਦਈਏ ਕਿ ਦਿੱਲੀ ਵੱਲ ਮਾਰਚ ਦੌਰਾਨ ਜ਼ਖ਼ਮੀ ਹੋਏ ਕਿਸਾਨ ਹਰਪ੍ਰੀਤ ਸਿੰਘ ਦੀ ਹਾਲਤ ਵਿਗੜ ਗਈ ਹੈ। ਉਸ ਨੂੰ ਅੱਜ ਸ਼ਨੀਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਕੱਲ੍ਹ ਦਿੱਲੀ ਵੱਲ ਮਾਰਚ ਦੌਰਾਨ 8 ਕਿਸਾਨ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਨੂੰ ਵੱਖ-ਵੱਖ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।