ਮੋਗਾਮੁੱਖ ਖ਼ਬਰਾਂਪੰਜਾਬ

ਮੋਗਾ ਪੁਲਿਸ ਨੇ ਗੁੰਮ ਹੋਏ 60 ਮੋਬਾਇਲ ਫੋਨ ਕੀਤੇ ਬਰਾਮਦ

ਪੰਜਾਬ ਨਿਊਜ਼,3 ਦਿਸੰਬਰ 2024

ਪੰਜਾਬ ਸਰਕਾਰ ਤੇ ਡੀ.ਜੀ.ਪੀ ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਪੁਲਿਸ ਸੇਵਾਵਾਂ ਪਾਰਦਰਸ਼ੀ ਤੇ ਬਿਨ੍ਹਾਂ ਭੇਦਭਾਵ ਦੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਅਜੈ ਗਾਂਧੀ ਨੇ ਦੱਸਿਆ ਪਿਛਲੇ ਕੁਝ ਸਮੇਂ ਤੋਂ ਆਮ ਜਨਤਾ ਵੱਲੋਂ ਸੀ.ਈ.ਆਈ.ਆਰ ਪੋਰਟਲ ਤੇ ਆਪਣੇ ਮੋਬਾਇਲ ਫੋਨਾਂ ਸਬੰਧੀ ਆਨਲਾਇਨ ਦਰਖਾਸਤਾਂ ਅਪਲੋਡ ਕੀਤੀਆਂ ਗਈਆਂ ਸਨ। ਇਹਨਾ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਵੱਲੋ ਗੁੰਮ ਹੋਏ ਮਿਤੀ 01/10/24 ਤੋ ਹੁਣ ਤੱਕ, ਸਿਰਫ 02 ਮਹੀਨਿਆਂ ਵਿੱਚ 60 ਮੋਬਾਇਲ ਫੋਨਾਂ ਦੀ ਜਾਣਕਾਰੀ ਮਿਲਣ ਤੇ ਇਹਨਾਂ ਫੋਨਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੰਜਾਬ ਤੋਂ ਬਾਹਰ ਤੋਂ ਵੀ ਵਾਪਸ ਲਿਆਂਦਾ ਗਿਆ। ਐਸ.ਐਸ.ਪੀ. ਮੋਗਾ ਵੱਲੋਂ ਖੁਦ ਅੱਜ ਇਹਨਾਂ ਗੁੰਮ ਹੋਏ ਮੋਬਾਇਲਾਂ ਦੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਮੋਬਾਇਲ ਫੋਨ ਵਾਪਿਸ ਕੀਤੇ ਗਏ ਹਨ।

ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਜੈ ਗਾਂਧੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਪਾਸੋਂ ਮੋਬਾਇਲ ਫੋਨ ਖਰੀਦ ਕਰਨ ਤੋ ਪਹਿਲਾਂ ਉਸਦੀ ਪੂਰੀ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ ਕਿਸੇ ਦਸਤਾਵੇਜ ਤੋ ਬਿਨ੍ਹਾਂ ਮੋਬਾਇਲ ਫੋਨ ਦੀ ਖਰੀਦ ਨਹੀਂ ਕਰਨੀ ਚਾਹੀਦੀ। ਜੇਕਰ ਕਿਤੇ ਵੀ ਕਿਸੇ ਨੂੰ ਲਵਾਰਿਸ ਪਿਆ ਫੋਨ ਮਿਲਦਾ ਹੈ ਤਾਂ ਇਸ ਮੋਬਾਇਲ ਫੋਨ ਨੂੰ ਉਸਦੇ ਅਸਲ ਮਾਲਕ ਜਾਂ ਤੁਹਾਡੇ ਨਜਦੀਕ ਪੈਂਦੇ ਪੁਲਿਸ ਸਟੇਸ਼ਨ ਵਿੱਚ ਜਮ੍ਹਾਂ ਕਰਵਾਇਆ ਜਾਵੇ, ਤਾਂ ਜੋ ਇਸ ਦੀ ਕਿਸੇ ਕਿਸਮ ਦੀ ਦੁਰਵਰਤੋਂ ਨਾ ਹੋ ਸਕੇ। ਮੋਬਾਇਲ ਫੋਨਾਂ ਵਿਚ ਮੌਜੂਦ ਜਰੂਰੀ ਡਾਟੇ ਦੀ ਸੁਰੱਖਿਆ ਲਈ ਸਿਕਉਰਿਟੀ ਲਾਕ ਜਰੂਰ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਓ.ਟੀ.ਪੀ. ਸਾਂਝਾ ਨਹੀਂ ਕਰਨਾ ਚਾਹੀਦਾ। ਇਸ ਤੋ ਇਲਾਵਾ ਸੀ.ਈ.ਆਈ.ਆਰ ਪੋਰਟਲ ਸਬੰਧੀ ਹੋਰ ਲੋਕਾਂ ਨੂੰ ਵੀ ਜਾਕਰੂਕ ਕੀਤਾ ਜਾਵੇ ਤਾਂ ਜੋ ਉਸਦਾ ਫੋਨ ਲੱਭਣ ਵਿੱਚ ਅਸਾਨੀ ਹੋ ਸਕੇ।