ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ, ਸ਼ਰੇਆਮ ਗੋਲ਼ੀਆਂ ਨਾਲ ਭੁੰਨੇ ਲੋਕ, 50 ਦੀ ਮੌਤ

ਪਾਕਿਸਤਾਨ ,21 ਨਵੰਬਰ 2024

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੁਰੱਮ ਇਲਾਕੇ ‘ਚ ਇਕ ਯਾਤਰੀ ਵੈਨ ‘ਤੇ ਬੰਦੂਕ ਨਾਲ ਹਮਲਾ ਕੀਤਾ ਗਿਆ, ਜਿਸ ‘ਚ 50 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਰੱਮ ਦੇ ਪਾਰਾਚਿਨਾਰ ਤੋਂ 2 ਕਾਫਲਿਆਂ ‘ਚ ਸਵਾਰ ਯਾਤਰੀ ਵੈਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਨਾਲ ਹੀ 2 ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾਵਾਂ ਫਿਰਕੂ ਹਿੰਸਾ ਨਾਲ ਜੁੜੀਆਂ ਹੋਈਆਂ ਹਨ ਜਿਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਦਰਜਨਾਂ ਲੋਕਾਂ ਦੀ ਜਾਨ ਲੈ ਲਈ ਹੈ। ਦੋਵਾਂ ਘਟਨਾਵਾਂ ਵਿੱਚ 10 ਦੇ ਕਰੀਬ ਹਮਲਾਵਰ ਸ਼ਾਮਲ ਸਨ, ਜੋ ਸੜਕ ਦੇ ਦੋਵੇਂ ਪਾਸਿਓਂ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਸਨ।

ਇੱਕ ਸੀਨੀਅਰ ਅਧਿਕਾਰੀ ਜਾਵੇਦ ਉੱਲਾ ਮਹਿਸੂਦ ਨੇ ਏਐਫਪੀ ਨੂੰ ਦੱਸਿਆ ਕਿ ਕੁਰੱਮ ਜ਼ਿਲ੍ਹੇ ਵਿੱਚ ਸ਼ੀਆ ਲੋਕਾਂ ਦੇ ਦੋ ਵੱਖ-ਵੱਖ ਕਾਫਲਿਆਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਪਹਾੜੀ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਕੁਰੱਮ ਵਿੱਚ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਵਿਚਕਾਰ ਲੜਾਈ ਜਾਰੀ ਹੈ।

THQ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਲੀਜ਼ਈ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ਅਤੇ ਕੁਝ ਨੂੰ ਇਲਾਜ ਲਈ ਪੇਸ਼ਾਵਰ ਭੇਜਿਆ ਜਾ ਰਿਹਾ ਹੈ। ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਟਵਿੱਟਰ ‘ਤੇ ਇਕ ਪੋਸਟ ‘ਚ ਉਨ੍ਹਾਂ ਲਿਖਿਆ, “ਬੇਕਸੂਰ ਯਾਤਰੀਆਂ ‘ਤੇ ਹਮਲਾ ਕਰਨਾ ਕਾਇਰਤਾਪੂਰਨ ਅਤੇ ਅਣਮਨੁੱਖੀ ਹੈ। ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜ਼ਖਮੀਆਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।