ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਯਾਤਰੂ ਪੰਜਾਬ ਪੁੱਜਣੇ ਸ਼ੁਰੂ – ਡਾਕਟਰੀ ਜਾਂਚ ਤੋਂ ਬਾਅਦ 14 ਦਿਨ ਘਰਾਂ ਦੇ ਇਕਾਂਤਵਾਸ ‘ਚ ਰਹਿਣਗੇ
ਨਿਊਜ਼ ਪੰਜਾਬ
ਲੁਧਿਆਣਾ , 26 ਅਪ੍ਰੈਲ – ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਚਲੇ ਯਾਤਰੂ ਪੰਜਾਬ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ , ਉਨ੍ਹਾਂ ਨੂੰ ਲੈ ਕੇ ਆ ਰਹੀਆਂ ਬੱਸਾਂ ਉਨ੍ਹਾਂ ਦੇ ਸ਼ਹਿਰਾਂ ਵਿੱਚ ਛੱਡ ਰਹੀਆਂ ਹਨ | ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ 56 ਯਾਤਰੀਆਂ ਦਾ ਪਹਿਲਾ ਜੱਥਾ ਦੋ ਵਿਸ਼ੇਸ਼ ਬੱਸਾਂ ਰਾਹੀਂ ਨੰਦੇੜ ਤੋਂ ਲੁਧਿਆਣਾ ਪਹੁੰਚ ਗਿਆ ਹੈ। ਜਿਲ੍ਹਾ ਲੁਧਿਆਣਾ ਦੇ 174 ਯਾਤਰੀਆਂ ਨੂੰ ਨੰਦੇੜ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ।ਇਨ੍ਹਾਂ ਯਾਤਰੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕਰਨ ਉਪਰੰਤ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਹੀ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਸ੍ਰੀ ਅਗਰਵਾਲ ਨੇ ਦੱਸਿਆ ਕਿ ਵਾਪਸ ਮੁੜੇ ਯਾਤਰੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਲੋਕਾਂ ਦੇ ਮਨ੍ਹਾ ਵਿੱਚ ਇਨ੍ਹਾਂ ਯਾਤਰੀਆਂ ਦੇ ਤੰਦਰੁਸਤ ਹੋਣ ਬਾਰੇ ਸ਼ੰਕੇ ਸਨ। ਪਰ ਅਜਿਹੇ ਲੋਕਾਂ ਨੂੰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਇਨ੍ਹਾਂ ਸਾਰੇ ਯਾਤਰੀਆਂ ਦੀ ਬਕਾਇਦਾ ਸਿਹਤ ਵਿਭਾਗ ਵੱਲੋਂ ਦੋ ਵਾਰ ਸਕਰੀਨਿੰਗ ਕੀਤੀ ਜਾ ਚੁੱਕੀ ਹੈ।