SGPC ਪ੍ਰਧਾਨ ਦੀ ਚੋਣ ਅੱਜ,SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ
ਪੰਜਾਬ ਨਿਊਜ਼,28 ਅਕਤੂਬਰ 2024
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 28 ਅਕਤੂਬਰ ਨੂੰ ਹੋ ਰਹੀ ਹੈ। ਇਸ ਵਾਰ ਵੀ ਮੁਕਾਬਲਾ ਮੌਜੂਦਾ ਪ੍ਰਧਾਨ ਧਾਮੀ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਰਮਿਆਨ ਹੋ ਰਿਹਾ ਹੈ। ਬਾਗ਼ੀ ਧੜੇ ਦਾ ਮਸਲਾ ਅਕਾਲ ਤਖ਼ਤ ਸਾਹਿਬ ਤੇ ਹੋਣ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਕਾਰਨ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਨਾਲ ਪੰਥ ਦਾ ਮਸਲਾ ਬੜਾ ਪੇਚੀਦਾ ਬਣ ਗਿਆ ਹੈ।
ਇਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ , ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿਮ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਐਡਵੋਕੈਟ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ।
ਦੱਸ ਦਈਏ ਕਿ 185 ਮੈਂਬਰੀ ਹਾਊਸ ਚੋਂ 31 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ। ਜਦਕਿ 4 ਮੈਂਬਰ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਮੈਂਬਰ ਕਰਨੈਲ ਸਿੰਘ ਪੰਜੋਲੀ ਅਦਾਲਤੀ ਹੁਕਮ ਦੇ ਚੱਲਦਿਆਂ ਅਤੇ ਇੱਕ ਮੈਂਬਰ ਹਰਨੇਕ ਸਿੰਘ ਰੋਗਲਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆਂ ਕਰਾਰ ਦਿੱਤੇ ਹੋਣ ਕਾਰਨ ਵੋਟ ਨਹੀਂ ਪਾ ਸਕਦੇ। ਮੌਜੂਦਾ ਸਮੇਂ ’ਚ ਕੁੱਲ 148 ਮੈਂਬਰ ਵੋਟ ਪਾਉਣ ਦੇ ਯੋਗ ਹਨ।