ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲੋਕਾਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਦੀ ਅਪੀਲ

ਮੋਗਾ ,19 ਅਕਤੂਬਰ 2024

ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਨਜਿੰਦਰ ਸਿੰਘ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਤੀ 5 ਅਕਤੂਬਰ 2024 ਤੋਂ 31 ਅਕਤੂਬਰ 2024 ਤੱਕ ਦੌਰਾਨ ਪੂਰੇ ਪੰਜਾਬ ਵਿੱਚ “ਨਸ਼ਾਖੋਰੀ-ਮਨੁੱਖਤਾ ਦਾ ਨੁਕਸਾਨ ” ਮੁਹਿੰਮ ਚਲਾਈ ਜਾ ਰਹੀ ਹੈ । ਸ. ਸਰਬਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਅੱਜ ਮਿਤੀ 19 ਅਕਤੂਬਰ 2024 ਨੂੰ ਓਟ ਸੈਂਟਰ, ਸੀ.ਐੱਚ.ਸੀ. ਢੁੱਡੀਕੇ ਵਿਖੇ ਉਕਤ ਮੁਹਿੰਮ ਅਧੀਨ ਸੈਮੀਨਾਰ ਲਗਾਇਆ ਗਿਆ।

ਇਸ ਮੌਕੇ ਤੇ ਉਨ੍ਹਾਂ ਦੇ ਨਾਲ ਪੁਲਿਸ ਵਿਭਾਗ ਤੋਂ ਏ.ਐੱਸ.ਆਈ. ਕੇਵਲ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਤੇ ਸਿਹਤ ਵਿਭਾਗ ਮੋਗਾ ਤੋਂ ਅਮਨਦੀਪ ਕੌਰ ਕਾਊਂਸਲਰ ਵੀ ਮੌਜੂਦ ਸਨ। ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਵਿੱਚ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ੇ ਕਰਨ ਨਾਲ ਸਿਰਫ ਇਕ ਵਿਅਕਤੀ ਦੀ ਜਿੰਦਗੀ ਹੀ ਬਰਬਾਦ ਨਹੀਂ ਹੁੰਦੀ ਬਲਕਿ ਸਾਰਾ ਪਰਿਵਾਰ ਹੀ ਉਜੜ ਜਾਂਦਾ ਹੈ ਅਤੇ ਸਮਾਜ ਤੇ ਵੀ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅੱਗੇ ਅਪੀਲ ਕੀਤੀ ਕਿ ਸਾਨੂੰ ਨਸ਼ਾ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਕੋਈ ਨਸ਼ਾ ਕਰ ਰਿਹਾ ਹੈ ਤਾਂ ਉਸਨੂੰ ਡੀ ਐਡੀਕਸ਼ਨ ਸੈਂਟਰ ਬਾਰੇ ਦੱਸਿਆ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਨੂੰ ਜਾਰੀ ਕੀਤੇ ਹੋਏ ਟੋਲ ਫਰੀ ਨੰਬਰ 75270-00165 ਉਪਰ ਜਾਣਕਾਰੀ ਦਿੱਤੀ ਜਾਵੇ ਅਤੇ ਸ਼ਿਕਾਇਤ ਕਰਨ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

ਇਸ ਤੋਂ ਇਲਾਵਾ ਏ.ਐੱਸ.ਆਈ ਕੇਵਲ ਸਿੰਘ ਨੇ ਇਸ ਮੌਕੇ ਤੇ ਦੱਸਿਆ ਕਿ ਪੰਜਾਬ ਵਿਚ ਨਸ਼ੇ ਬਹੁਤ ਵਧ ਚੁੱਕੇ ਹਨ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਆਉਣ ਵਾਲੀ ਪੀੜੀ ਲਈ ਬਹੁਤ ਹੀ ਘਾਤਕ ਸਿੱਧ ਹੋਣਗੇ। ਇਸ ਮੌਕੇ ਤੇ ਅਮਨਦੀਪ ਕੌਰ ਕਾਊਂਸਲਰ ਨੇ ਦੱਸਿਆ ਕਿ ਜੇਕਰ ਕੋਈ ਨਸ਼ੇ ਦਾ ਆਦੀ ਹੋ ਚੁੱਕਿਆ ਹੈ ਉਸਦਾ ਨਸ਼ਾ ਵਗੈਰਾ ਛੁਡਾਉਣ ਲਈ ਜਿਲ੍ਹਾ ਮੋਗਾ ਵਿਖੇ 18 ਨਸ਼ਾ ਛੁਡਾਊ ਕੇਂਦਰ (ਓਟ ਸੈਂਟਰ) ਖੋਲੇ ਗਏ ਹਨ ਜਿਥੇ ਮੁਫਤ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਮੌਕੇ ਤੇ ਡਾ: ਨਿਸ਼ਾ ਬਾਂਸਲ ਐੱਸ.ਐੱਮ.ਓ., ਡਾ: ਸਾਕਸ਼ੀ ਬਾਂਸਲ, ਡਾ: ਰਚਿਤ ਜੈਨ, ਡਾ: ਸੁਖਪਾਲ ਕੌਰ ਫਾਰਮੇਸੀ ਅਫਸਰ, ਢੁੱਡੀਕੇ ਵੀ ਮੌਜੂਦ ਸਨ।