ਜੈਪੁਰ ਹਵਾਈ ਅੱਡੇ ‘ਤੇ ਇੱਕ ਹੋਰ ਅੰਤਰਰਾਸ਼ਟਰੀ ਉਡਾਣ, ਐਮਰਜੈਂਸੀ ਲੈਂਡਿੰਗ ਵਿੱਚ ਬੰਬ ਦੀ ਧਮਕੀ ਨੇ ਪੈਦਾ ਕੀਤੀ ਦਹਿਸ਼ਤ

19 ਅਕਤੂਬਰ 2024

ਜਹਾਜ਼ਾਂ ‘ਤੇ ਬੰਬ ਦੀ ਧਮਕੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਕ ਹੋਰ ਅੰਤਰਰਾਸ਼ਟਰੀ ਉਡਾਣ ਨੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਹੈ। ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-196 ‘ਚ ਬੰਬ ਦੀ ਧਮਕੀ ਮਿਲੀ ਹੈ। ਇਹ ਜਹਾਜ਼ ਦੁਬਈ ਤੋਂ ਜੈਪੁਰ ਆ ਰਿਹਾ ਸੀ। ।ਸਵੇਰੇ 1:20 ਵਜੇ ਜੈਪੁਰ ਹਵਾਈ ਅੱਡੇ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਜਹਾਜ਼ ਵਿੱਚ ਕੁੱਲ 189 ਯਾਤਰੀ ਸਵਾਰ ਸਨ। ਲੈਂਡਿੰਗ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਜਹਾਜ਼ ਦੀ ਤਲਾਸ਼ੀ ਲਈ। ਪਰ ਜਾਂਚ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਇਸ ਤੋਂ ਪਹਿਲਾਂ ਦਿੱਲੀ ਤੋਂ ਲੰਡਨ ਜਾ ਰਹੇ ‘ਵਿਸਤਾਰਾ’ ਜਹਾਜ਼ ‘ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਇਸ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ਫਰੈਂਕਫਰਟ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ। ਜਾਣਕਾਰੀ ਮੁਤਾਬਕ 18 ਅਕਤੂਬਰ ਨੂੰ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਫਲਾਈਟ ਨੰਬਰ ‘UK17’ ਨੂੰ ਸੋਸ਼ਲ ਮੀਡੀਆ ‘ਤੇ ਸੁਰੱਖਿਆ ਧਮਕੀ ਮਿਲੀ ਸੀ। ਪ੍ਰੋਟੋਕੋਲ ਦੀ ਪਾਲਣਾ ਕਰਦਿਆਂ, ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਪਾਇਲਟਾਂ ਨੇ ਸਾਵਧਾਨੀ ਦੇ ਤੌਰ ‘ਤੇ ਫਲਾਈਟ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ।