ਬਾਬਾ ਸਿੱਦੀਕੀ ਦੇ ਕਤਲ ਦਾ ਚੌਥਾ ਮੁਲਜ਼ਮ ਗ੍ਰਿਫਤਾਰ,ਮੁਹੰਮਦ ਜ਼ੀਸ਼ਾਨ ਅਖਤਰ ਨਕੋਦਰ ਤੋਂ ਕੀਤਾ ਕਾਬੂ
14 ਅਕਤੂਬਰ 2024
ਮੁੰਬਈ ਪੁਲਿਸ ਨੇ ਮੁੰਬਈ ’ਚ ਹੋਏ NCP ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਨੂੰ ਟਰੇਸ ਕਰ ਲਿਆ ਹੈ। ਇਸ ਕਤਲ ਦੀਆਂ ਤਾਰਾਂ ਜਲੰਧਰ ਜ਼ਿਲ੍ਹੇ ਦੇ ਕਸਬਾ ਨਕੋਦਰ ਨਾਲ ਜੁੜੀਆਂ ਹੋਈਆਂ ਹਨ। ਦੱਸਿਆ ਜਾਂਦਾ ਹੈ ਕਿ ਨਕੋਦਰ ਦੇ ਸ਼ੰਕਰ ਪਿੰਡ ਦੇ ਮੁਹੰਮਦ ਜ਼ੀਸ਼ਾਨ ਅਖਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੱਥੇ ਜਾਂਚ ਏਜੰਸੀਆਂ ਤੇ ਜਲੰਧਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਉੱਥੇ ਹੀ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ।ਫਿਲਹਾਲ ਇਸ ਬਾਰੇ ਜਲੰਧਰ ਪੁਲਿਸ ਦੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਮੁਤਾਬਕ ਮੁਹੰਮਦ ਜ਼ੀਸ਼ਾਨ ਅਖਤਰ ਸ਼ੰਕਰ ਜਲੰਧਰ ਅਧੀਨ ਨਕੋਦਰ ਦੇ ਪਿੰਡ ਸਰੀਂਹ ਦਾ ਰਹਿਣ ਵਾਲਾ ਹੈ। ਜਲੰਧਰ ਦਿਹਾਤੀ ਪੁਲਿਸ ਨੇ ਉਸ ਨੂੰ ਸਾਲ 2022 ’ਚ ਸੰਗਠਿਤ ਅਪਰਾਧ, ਕਤਲ ਤੇ ਲੁੱਟ-ਖੋਹ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ।
ਜਦਕਿ ਬਾਬਾ ਸਿੱਦੀਕੀ ਦਾ ਕਤਲ ਤਿੰਨ ਸ਼ੂਟਰਾਂ ਨੇ ਕੀਤਾ ਸੀ। ਇਨ੍ਹਾਂ ’ਚੋਂ ਗੁਰਮੇਲ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਰਾੜ ਦਾ ਰਹਿਣ ਵਾਲਾ ਹੈ। ਬਾਕੀ 2 ਸ਼ੂਟਰ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ ਪੁਲਿਸ ਪਹਿਲਾਂ ਹੀ ਗੁਰਮੇਲ ਹਰਿਆਣਾ ਤੇ ਦੂਜੇ ਸ਼ੂਟਰ ਧਰਮਰਾਜ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਤੀਜਾ ਸ਼ੂਟਰ ਸ਼ਿਵਕੁਮਾਰ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਚੌਥਾ ਮੁਲਜ਼ਮ ਮੁਹੰਮਦ ਜ਼ੀਸ਼ਾਨ ਅਖ਼ਤਰ ਤਿੰਨੇ ਸ਼ੂਟਰਾਂ ਨੂੰ ਬਾਹਰੋਂ ਹਦਾਇਤਾਂ ਦੇ ਰਿਹਾ ਸੀ। ਜਦੋਂ ਸਿੱਦੀਕੀ ਨੂੰ ਗੋਲੀ ਮਾਰੀ ਗਈ ਸੀ, ਉਦੋਂ ਵੀ ਅਖਤਰ ਸ਼ੂਟਰਾਂ ਨੂੰ ਉਸਦੀ ਲੋਕੇਸ਼ਨ ਬਾਰੇ ਜਾਣਕਾਰੀ ਦੇ ਰਿਹਾ ਸੀ। ਇਸ ਤੋਂ ਇਲਾਵਾ ਅਖਤਰ ਨੇ ਉਸ ਨੂੰ ਕਿਰਾਏ ‘ਤੇ ਕਮਰਾ ਤੇ ਹੋਰ ਸਾਮਾਨ ਦੇਣ ’ਚ ਵੀ ਮਦਦ ਕੀਤੀ ਸੀ। ਉਹ ਇਸ ਸਾਲ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ।