ਪਾਕਿਸਤਾਨ’ ਚ ਕੋਲੇ ਦੀ ਖਾਨ ‘ਤੇ ਅਣਪਛਾਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, 7 ਜ਼ਖਮੀ

ਪਾਕਿਸਤਾਨ,11 ਅਕਤੂਬਰ 2024

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਕੋਲੇ ਦੀ ਖਾਨ ‘ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ‘ਚ 20 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ।ਬੰਦੂਕਧਾਰੀਆਂ ਨੇ ਖਾਨ ਦੇ ਨੇੜੇ ਰਹਿੰਦੇ ਲੋਕਾਂ ਦੇ ਘਰਾਂ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਧਿਕਾਰੀ ਹੁਮਾਯੂੰ ਖਾਨ ਨਾਸਿਰ ਨੇ ਕਿਹਾ ਕਿ ਮਾਰੇ ਗਏ ਅਤੇ ਜ਼ਖਮੀ ਹੋਏ ਜ਼ਿਆਦਾਤਰ ਬਲੋਚਿਸਤਾਨ ਦੇ ਪਸ਼ਤੂਨ ਬੋਲਣ ਵਾਲੇ ਇਲਾਕਿਆਂ ਦੇ ਸਨ ਅਤੇ ਮਰਨ ਵਾਲਿਆਂ ਵਿਚ ਤਿੰਨ ਅਫਗਾਨ ਨਾਗਰਿਕ ਵੀ ਸ਼ਾਮਲ ਹਨ।

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਇਹ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਅਗਲੇ ਕੁਝ ਦਿਨਾਂ ‘ਚ ਰਾਜਧਾਨੀ ਇਸਲਾਮਾਬਾਦ ‘ਚ ਇਕ ਵੱਡਾ ਸੁਰੱਖਿਆ ਸੰਮੇਲਨ ਆਯੋਜਿਤ ਹੋਣ ਜਾ ਰਿਹਾ ਹੈ। ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਹ ਇਲਾਕਾ ਲੰਬੇ ਸਮੇਂ ਤੋਂ ਵੱਖਵਾਦੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਸਮੂਹ ਪਾਕਿਸਤਾਨੀ ਸਰਕਾਰ ‘ਤੇ ਤੇਲ ਅਤੇ ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਦੇ ਸਰੋਤਾਂ ਦਾ ਗਲਤ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹਨ।