ਹਰਿਆਣਾ ਚੋਣਾਂ ਦੌਰਾਨ ਰਾਮ ਰਹੀਮ ਮੁੜ ਜੇਲ ਤੋਂ ਬਾਹਰ,3 ਸ਼ਰਤਾਂ ਤੇ ਮਿਲੀ ਪੈਰੋਲ
1 ਅਕਤੂਬਰ 2024
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਮਿਲ ਗਈ ਹੈ। ਇਸ ਵਾਰ ਉਸ ਨੇ 20 ਦਿਨਾਂ ਲਈ ਪੈਰੋਲ ਲਈ ਅਰਜ਼ੀ ਦਿੱਤੀ ਸੀ, ਜੋ ਸ਼ਰਤਾਂ ਨਾਲ ਮਨਜ਼ੂਰ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ। 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਮੁਖੀ 10 ਵਾਰ ਪੈਰੋਲ ਜਾਂ ਛੁੱਟੀ ‘ਤੇ ਜੇਲ੍ਹ ਤੋਂ ਬਾਹਰ ਆਇਆ ਹੈ।
ਚੋਣ ਕਮਿਸ਼ਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੂੰ ਭੇਜੇ ਪੱਤਰ ਵਿੱਚ 3 ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲਾ ਇਹ ਕਿ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ਨਹੀਂ ਜਾਵੇਗਾ। ਦੂਜਾ ਇਹ ਤੈਅ ਕੀਤਾ ਗਿਆ ਹੈ ਕਿ ਉਹ ਚੋਣਾਂ ਦੌਰਾਨ ਕੋਈ ਸਿਆਸੀ ਸਰਗਰਮੀ ਨਹੀਂ ਕਰੇਗਾ। ਤੀਜਾ, ਉਹ ਸੋਸ਼ਲ ਮੀਡੀਆ ਰਾਹੀਂ ਵੀ ਕਿਸੇ ਚੋਣ ਗਤੀਵਿਧੀ ਵਿੱਚ ਹਿੱਸਾ ਨਹੀਂ ਲਵੇਗਾ।
ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਤੋਂ ਪੰਜ ਦਿਨ ਪਹਿਲਾਂ 20 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਪੈਰੋਲ ਸਬੰਧੀ ਅੰਤਿਮ ਫੈਸਲਾ ਹਰਿਆਣਾ ਦੇ ਮੁੱਖ ਚੋਣ ਕਮਿਸ਼ਨਰ ਨੇ ਲੈਣਾ ਸੀ ਕਿਉਂਕਿ ਚੋਣ ਜ਼ਾਬਤਾ ਲਾਗੂ ਹੈ। ਦੱਸ ਦੇਈਏ ਕਿ ਇਸੇ ਮਹੀਨੇ ਦੀ 8 ਸਤੰਬਰ ਨੂੰ 21 ਦਿਨਾਂ ਦੀ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਮੁੜ ਜੇਲ੍ਹ ਪਹੁੰਚਿਆ ਸੀ।