ਡਿਜੀਟਲ ਕ੍ਰਾਈਮ ਦੇ ਖਿਲਾਫ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਉੱਘੇ ਕਾਰੋਬਾਰੀ ਨਾਲ 7 ਕਰੋੜ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਫਾਸ਼

ਲੁਧਿਆਣਾ – ਪੰਜਾਬ ਦੇ ਉੱਘੇ ਉਦਯੋਗਪਤੀ ਸ਼੍ਰੀਪਾਲ ਓਸਵਾਲ ਨਾਲ 7 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਸਾਈਬਰ ਲੁਟੇਰਿਆਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰਕੇ 5 ਕਰੋੜ ਰੁਪਏ ਤੋਂ ਵੱਧ ਰਕਮ ਵੀ ਬ੍ਰਾਮਦ ਕੀਤੀ ਹੈ, ਪੁਲਿਸ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਵੱਲੋਂ 2 ਦੋਸ਼ੀਆਂ ਨੂੰ ਆਸਾਮ ਤੋਂ ਕਾਬੂ ਕੀਤਾ ਜਦੋਂ ਕਿ 5 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ,

ਕਮਿਸ਼ਨਰ ਪੁਲਿਸ, ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ ਪੁਲਿਸ  ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਦੀ ਨਿਗਰਾਨੀ ਹੇਠ ਸਾਈਬਰ ਠੱਗਾਂ ਖਿਲ਼ਾਫ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸ਼੍ਰੀਮਤੀ ਗੁਰਮੀਤ ਕੌਰ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ ਅਤੇ ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਲੁਧਿਆਣਾ ਦੀ ਜੇਰੇ ਨਿਗਰਾਨੀ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਮੁੱਕਦਮਾ ਨੰਬਰ 12 ਮਿਤੀ 31-08-2024 ਅ/ਧ 308(2)/319(2)/318(4)/351(2)/61(2) ਭਂਸ਼ 2023 ਅਤੇ 66-ਸੀ/66-ਡੀ ਆਈ.ਟੀ. ਐਕਟ 2000 ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦਰਜ ਕੀਤਾ ਗਿਆ।

ਜਿਸ ਵਿੱਚ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਵਰਧਮਾਨ ਇੰਡਸਟਰੀ ਦੇ ਮਾਲਕ ਸ਼੍ਰੀਪਾਲ ਓਸਵਾਲ ਨੂੰ ਸੀ.ਬੀ.ਆਈ. ਦਾ ਫਰਜੀ ਅਧਿਕਾਰੀ ਬਣ ਕੇ ਉਸਨੂੰ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾ ਕੇ ਡਿਜੀਟਲ ਅਰੈਸਟ ਕਰਨ ਦਾ ਡਰਾਵਾ ਦੇ ਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 7 ਕਰੋੜ ਰੁਪਏ ਹਾਸਲ ਕਰਕੇ ਸਾਈਬਰ ਧੋਖਾਧੜੀ ਕੀਤੀ ਗਈ ਸੀ। ਜਿਸ ਤੇ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਵੱਲੋਂ ਇਸ ਇੰਟਰ ਸਟੇਟ ਗੈਂਗ ਨੂੰ 48 ਘੰਟਿਆਂ ਵਿੱਚ ਟਰੇਸ ਕੀਤਾ ਗਿਆ ਸੀ। ਇਸ ਪੱਧਰ ਦੇ ਸਾਈਬਰ ਕ੍ਰਾਈਮ ਕਰਨ ਵਾਲੇ 02 ਦੋਸ਼ੀਆਂ ਨੂੰ ਆਸਾਮ ਗੁਹਾਟੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 7 ਦੋਸ਼ੀਆਂ ਨੂੰ ਜੋ ਕਿ ਆਸਾਮ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਦਿੱਲੀ ਨਾਲ ਸਬੰਧਤ ਹਨ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਮਿਲੀ।

ਜਿਹਨਾਂ ਨੂੰ ਵੱਖ-ਵੱਖ ਟੀਮਾਂ ਰਾਹੀਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ 5 ਕਰੋੜ 25 ਲੱਖ ਰੁਪਏ ਰਿਕਵਰ ਕਰਵਾਉਣ ਅਤੇ ਇੰਟਰ ਸਟੇਟ ਗੈਂਗ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਮਿਲੀ। ਹੁਣ ਤੱਕ ਰਿਪੋਰਟ ਹੋਏ ਸਾਈਬਰ ਧੋਖਾਧੜੀ ਸਬੰਧੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਮੁਤਾਬਿਕ 5,25,00,600/- ਰੁਪਏ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵੱਡੀ ਰਿਕਵਰੀ ਮੰਨੀ ਗਈ ਹੈ। ਕਮਿਸ਼ਨਰ ਪੁਲਿਸ ਲੁਧਿਆਣਾ  ਵੱਲੋਂ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਤਾਂ ਤੁਰੰਤ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਨੂੰ ਰਿਪੋਰਟ ਕੀਤਾ ਜਾਵੇ ਤਾਂ ਜੋ ਸਾਈਬਰ ਅਪਰਾਧਾਂ ਤੋਂ ਬਚਿਆ ਜਾ ਸਕੇ।