ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 27 ਸਤੰਬਰ ਤੋਂ ਫਰੀ,ਹੁਣ ਕਿਸਾਨ ਨਹੀਂ ਟੋਲ ਮੁਲਾਜਮ ਲਾਉਣਗੇ ਧਰਨਾ 

ਪੰਜਾਬ ਨਿਊਜ਼,27 ਸਤੰਬਰ 2024

ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਹੀ ਭਲਕੇ ਭਾਵ 27 ਸਤੰਬਰ ਤੋਂ ਅਣਮਿਥੇ ਸਮੇਂ ਲਈ ਟੋਲ ਮੁਕਤ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਸਹਿਕਾਰ ਗਲੋਬਲ ਲਿਮਟਿਡ ਕੰਪਨੀ ਦੇ ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਤੇ ਲਾਡੋਵਾਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅਸੀਂ ਕੰਪਨੀ ਨੂੰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧਾ ਕਰਨ ਲਈ ਵਾਰ-ਵਾਰ ਕਿਹਾ, ਪ੍ਰੰਤੂ ਕਿਸੇ ਦੇ ਵੀ ਸਿਰ ’ਤੇ ਜੂੰ ਤੱਕ ਨਹੀਂ ਸਰਕੀ।

ਸੂਬਾ ਪ੍ਰਧਾਨ ਲਾਡੀ ਤੇ ਬਚਿੱਤਰ ਸਿੰਘ ਨੇ ਕਿਹਾ ਕਿ ਸਾਡੇ ਮੁਲਾਜ਼ਮ ਸਾਥੀਆਂ ਤੋਂ ਪਿਛਲੇ ਕਾਫ਼ੀ ਸਮੇਂ ਤੋਂ ਘੱਟ ਤਨਖ਼ਾਹਾਂ ਦੇ ਕੇ ਉਨ੍ਹਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ, ਪਰ ਕੰਪਨੀ ਵੱਲੋਂ ਨਾ ਤਾਂ ਸਾਡੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਦਿੱਤਾ ਗਿਆ ਤੇ ਨਾ ਹੀ ਸਾਡੀ ਤਨਖ਼ਾਹ ’ਚ ਵਾਧਾ ਕੀਤਾ ਗਿਆ, ਜਿਸ ਦੇ ਵਿਰੋਧ ਵਜੋਂ ਅੱਜ ਅਸੀਂ ਲਾਡੋਵਾਲ ਟੋਲ ਪਲਾਜ਼ਾ ਸਵੇਰੇ 10 ਵਜੇ ਤੋਂ ਅਣਮਿਥੇ ਸਮੇਂ ਲਈ ਟੋਲ ਮੁਕਤ ਕਰਾਂਗੇ। ਪ੍ਰਧਾਨ ਲਾਡੀ ਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਪਹਿਲਾਂ ਲਾਡੋਵਾਲ ਥਾਣਾ ਮੁਖੀ ਦੇ ਨਾਲ ਬਚਿੱਤਰ ਸਿੰਘ ਪ੍ਰਧਾਨ ਲਾਡੋਵਾਲ ਤੇ ਹੋਰ ਮੁਲਾਜ਼ਮਾਂ ਦੀ ਮੀਟਿੰਗ ਹੋਈ, ਲੇਕਿਨ ਕੰਪਨੀ ਵੱਲੋਂ ਕੋਈ ਠੋਸ ਜਵਾਬ ਨਾ ਮਿਲਣ ਤੇ ਫਿਰ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਾਲ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਕੰਪਨੀ ਦੇ ਅਧਿਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ ਸਬੰਧੀ ਫਿਰ ਆਨਾਕਾਨੀ ਕਰਦੇ ਰਹੇ। ਜਦਕਿ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕੰਪਨੀ ਅਧਿਕਾਰੀਆਂ ਨੂੰ ਸਲਾਹ ਮਸ਼ਵਰਾ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ 15 ਪ੍ਰਤੀਸ਼ਤ ਤਨਖ਼ਾਹ ਵਧਾ ਕੇ ਦਿੱਤੀ ਜਾਵੇ ਤਾਂ ਜੋ ਕੰਪਨੀ ਦਾ ਵੀ ਕੋਈ ਨੁਕਸਾਨ ਨਾ ਹੋਵੇ ਅਤੇ ਮੁਲਾਜ਼ਮਾਂ ਦਾ ਵੀ ਕੁਝ ਹੱਕ ਉਨ੍ਹਾਂ ਨੂੰ ਮਿਲ ਜਾਵੇ। ਕਿਉਂਕਿ ਮੁਲਾਜ਼ਮਾਂ ਨੇ ਤਨਖ਼ਾਹ ਵਿਚ 40 ਪ੍ਰਤੀਸ਼ਤ ਵਾਧਾ ਕਰਨ ਦੀ ਮੰਗ ਰੱਖੀ ਸੀ।ਕੰਪਨੀ ਵੱਲੋਂ ਮੈਨੇਜਮੈਂਟ ਅਧਿਕਾਰੀ ਚਿੰਤਾਮਣੀ ਸ਼ਰਮਾ ਇਸ ਮੀਟਿੰਗ ਵਿਚ ਹਾਜ਼ਰ ਹੋਏ, ਜੋ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਕੰਪਨੀ ਅਤੇ ਮੁਲਾਜ਼ਮਾਂ ਵਿਚਕਾਰਲਾ ਰਸਤਾ ਕੱਢਣ ਸਬੰਧੀ ਨਾ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਮੈਂ ਕੰਪਨੀ ਨਾਲ ਗੱਲ ਕਰ ਕੇ ਹੀ ਤਨਖ਼ਾਹਾਂ ਵਿਚ ਵਾਧਾ ਕਰਨ ਬਾਰੇ ਦੱਸਾਂਗਾ। ਸੂਬਾ ਪ੍ਰਧਾਨ ਲਾਡੀ ਨੇ ਕਿਹਾ ਕਿ ਹੁਣ ਅਸੀਂ ਲਾਡੋਵਾਲ ਟੋਲ ਪਲਾਜ਼ਾ ਨੂੰ ਟੋਲ ਮੁਕਤ ਕਰਾਂਗੇ, ਇਸ ਦੌਰਾਨ ਕਿਸੇ ਮੁਲਾਜ਼ਮ ਦਾ ਜਾਂ ਹੋਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਕੰਪਨੀ ਦੀ ਮੈਨੇਜਮੈਂਟ ਕਮੇਟੀ ਦੀ ਹੋਵੇਗੀ।