ਫੌਜੀ ਅਧਿਕਾਰੀ ਦੀ ਕੁੱਟਮਾਰ ਤੇ ਉਸਦੀ ਮੰਗੇਤਰ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਪੰਜ ਪੁਲੀਸ ਅਧਿਕਾਰੀ ਮੁਅੱਤਲ
20 ਸਤੰਬਰ 2024
ਓਡੀਸਾ ਪੁਲੀਸ ਨੇ ਭੁਵਨੇਸ਼ਵਰ ਦੇ ਭਰਤਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਸਣੇ ਪੰਜ ਪੁਲੀਸ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਫੌਜੀ ਅਧਿਕਾਰੀ ਦੀ ਕੁੱਟਮਾਰ ਕਰਨ ਤੇ ਉਸ ਦੀ ਮੰਗੇਤਰ ਨਾਲ ਥਾਣੇ ਵਿਚ ਛੇੜਛਾੜ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵਾਈ ਬੀ ਖੁਰਾਨੀਆ ਨੇ ਅੱਜ ਇਸ ਸਬੰਧੀ ਹੁਕਮ ਜਾਰੀ ਕੀਤੇ। ਮੁਅੱਤਲ ਕੀਤੇ ਗਏ ਪੁਲੀਸ ਅਧਿਕਾਰੀਆਂ ਵਿੱਚ ਇੰਸਪੈਕਟਰ ਦੀਨਾਕਰੁਸ਼ਨਾ ਮਿਸ਼ਰਾ, ਸਬ-ਇੰਸਪੈਕਟਰ ਬੈਸਾਲਿਨੀ ਪਾਂਡਾ, ਦੋ ਮਹਿਲਾ ਏਐਸਆਈ ਸਲਿਲਮਈ ਸਾਹੂ ਅਤੇ ਸਾਗਰਿਕਾ ਰਥ ਅਤੇ ਕਾਂਸਟੇਬਲ ਬਲਰਾਮ ਹੰਸਦਾ ਸ਼ਾਮਲ ਹਨ। ਇਸ ਕੁੱਟਮਾਰ ਤੋਂ ਬਾਅਦ ਮਿਸ਼ਰਾ, ਸਲੀਲਾਮਈ ਅਤੇ ਬਲਰਾਮ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ’ਚ ਤਾਇਨਾਤ ਫੌਜੀ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ਐਤਵਾਰ ਸਵੇਰੇ ਭਰਤਪੁਰ ਪੁਲੀਸ ਸਟੇਸ਼ਨ ’ਚ ਸੜਕ ’ਤੇ ਹੋਏ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜੇ ਸਨ ਜਿਸ ’ਚ ਉਨ੍ਹਾਂ ਨੂੰ ਕੁਝ ਸਥਾਨਕ ਨੌਜਵਾਨਾਂ ਨੇ ਪ੍ਰੇਸ਼ਾਨ ਕੀਤਾ ਸੀ ਪਰ ਪੁਲੀਸ ਸਟੇਸ਼ਨ ’ਚ ਐਫਆਈਆਰ ਦਰਜ ਕਰਨ ਨੂੰ ਲੈ ਕੇ ਦੋਵਾਂ ਦਾ ਪੁਲੀਸ ਨਾਲ ਝਗੜਾ ਹੋ ਗਿਆ। ਫੌਜੀ ਅਧਿਕਾਰੀ ਨੂੰ ਕਥਿਤ ਤੌਰ ’ਤੇ ਲਾਕਅੱਪ ’ਚ ਰੱਖਿਆ ਗਿਆ ਸੀ ਅਤੇ ਉਸ ਦੀ ਮਹਿਲਾ ਦੋਸਤ ਨਾਲ ਛੇੜਛਾੜ ਕੀਤੀ ਗਈ ਸੀ।