ਮਨੀਪੁਰ ‘ਚ ਡਰੋਨ ਤੋਂ ਬਾਅਦ ਹੁਣ ਰਾਕੇਟ ਹਮਲੇ,ਮਣੀਪੁਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
7 ਸਤੰਬਰ 2024
ਮਨੀਪੁਰ ਵਿੱਚ ਇੱਕ ਵਾਰ ਫਿਰ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਹਨ। ਖਬਰ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਸ਼ੱਕੀ ਅੱਤਵਾਦੀਆਂ ਨੇ ਸਾਬਕਾ ਮੁੱਖ ਮੰਤਰੀ ਮਰੇਮਬਮ ਕੋਇਰੇਂਗ ਦੇ ਘਰ ‘ਤੇ ਰਾਕੇਟ ਨਾਲ ਹਮਲਾ ਕੀਤਾ ਹੈ। ਇਸ ਘਟਨਾ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਜਦਕਿ ਇਸ ਘਟਨਾ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਇਲਾਵਾ ਅਤਿਵਾਦੀਆਂ ਨੇ ਇੱਕ ਹੋਰ ਥਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 17 ਮਹੀਨਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਅੱਤਵਾਦੀਆਂ ਨੇ ਰਾਕੇਟ ਨਾਲ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਹਮਲਿਆਂ ਲਈ ਡਰੋਨ ਦੀ ਵਰਤੋਂ ਵੀ ਕੀਤੀ ਸੀ। ਇਸ ਹਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਮਣੀਪੁਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਸਾਬਕਾ ਮੁੱਖ ਮੰਤਰੀ ਦੇ ਘਰ ‘ਤੇ ਰਾਕੇਟ ਹਮਲਾ ਹੋਇਆ, ਉਸ ਸਮੇਂ ਉੱਥੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਜਦੋਂ ਰਾਕੇਟ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਦੀ ਛੱਤ ‘ਤੇ ਡਿੱਗਿਆ ਤਾਂ ਉੱਥੇ ਇੱਕ ਬਜ਼ੁਰਗ ਵਿਅਕਤੀ ਕੰਮ ਕਰ ਰਿਹਾ ਸੀ ਅਤੇ ਉਹ ਇਸ ਦੀ ਲਪੇਟ ‘ਚ ਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।