ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🏾🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ-ਲੱਖ ਮੁਬਾਰਕਾਂ ਜੀ 🙏🏾🙏🏾

ਨਿਊਜ਼ ਪੰਜਾਬ

ਪੰਜਾਬ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ  ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਸਵੇਰ ਤੋਂ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਰਹੀਆਂ ਹਨ।ਪੰਜਵੇਂ ਸਿੱਖ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ । ਉਦੋਂ ਤੋਂ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਪੂਰੀ ਧਾਰਮਿਕ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਇਸ ਸ਼ੁਭ ਮੌਕੇ ‘ਤੇ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਲਈ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਕੁਇੰਟਲ ਰੰਗ-ਬਿਰੰਗੇ ਫੁੱਲ ਮੰਗਵਾ ਕੇ ਸਜਾਵਟ ਕੀਤੀ ਜਾਂਦੀ ਹੈ।

 ਸਿੱਖ ਧਰਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਪਾਰ ਉਤਾਰਾ ਕਰਦੇ ਹੋਏ ਅਤੇ ਉਪਦੇਸ਼ ਦਿੰਦਿਆਂ ਬਾਣੀ ਉਚਾਰਦੇ ਰਹੇ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ ਤੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਵੀ ਬਾਣੀ ਉਚਾਰੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੇ ਤੋਂ ਪਹਿਲਾਂ ਅਤੇ ਆਪਣੀ ਉਚਾਰੀ ਹੋਈ ਬਾਣੀ ਕਲਮਬੱਧ ਕਰਨ ਦਾ ਉਪਰਾਲਾ ਕੀਤਾ। ਇਸ ਕੰਮ ਦੀ ਜਿੰਮੇਵਾਰੀ ਉਹਨਾਂ ਨੇ ਬਹੁਤ ਹੀ ਸੂਝਵਾਨ ਸਿੱਖ ਭਾਈ ਗੁਰਦਾਸ ਜੀ ਦੀ ਲਗਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਹਿੰਦੂ, ਮੁਸਲਮਾਨ ਧਰਮਾਂ ਦੇ ਭਗਤਾਂ ਤੇ ਮਹਾਂਪੁਰਖਾਂ ਦੀ ਬਾਣੀ ਨੂੰ ਵੀ ਇਸ ਵਿੱਚ ਦਰਜ ਕਰਵਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਲੋਕਾਂ ਸਹਿਤ ਨੂੰ 174 ਸ਼ਬਦ ,ਸ੍ਰੀ ਗੁਰੂ ਅੰਗਦ ਦੇਵ ਜੀ ਦੀ 62 ਸ਼ਬਦ ਦੇ ਸਲੋਕ ,ਸ੍ਰੀ ਗੁਰੂ ਅਮਰਦਾਸ ਜੀ ਦੇ 97 ਸ਼ਬਦ, ਤੇ ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ 679 ਸ਼ਬਦ, ਸ੍ਰੀ ਗੁਰੂ ਅਰਜਨ ਦੇਵ ਜੀ ਦੀ 2218 ਸ਼ਬਦ,2 ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦਾਂ ਤੋਂ ਇਲਾਵਾ ਭਗਤ ਕਬੀਰ ਭਗਤ ਰਵਿਦਾਸ ਭਗਤ ਨਾਮਦੇਵ ਅਤੇ ਬਾਬਾ ਫਰੀਦ ਜੀ ਸਮੇਤ 15 ਭਗਤਾਂ ਭਾਈ ਮਰਦਾਨਾ ਜੀ ਸਮੇਤ ਚਾਰ ਗੁਰਸਿੱਖਾਂ ਤੇ 11 ਭੱਟਾਂ ਦੀ ਬਾਣੀ ਦਰਜ ਕਰਵਾਈ।ਭਾਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਪੰਜਾਬੀ ਵਰਤੀ ਗਈ ਪਰ ਭਗਤਾਂ ਅਤੇ ਮਹਾਂਪੁਰਖ ਵੱਖ-ਵੱਖ ਜਗ੍ਹਾ ਤੋਂ ਹੋਣ ਕਾਰਨ ਉਹਨਾਂ ਦੀ ਲਿਖਤ ਵਿੱਚ ਹਿੰਦੀ ਫਾਰਸੀ ਅਰਬੀ ਤੇ ਸੰਸਕ੍ਰਿਤ ਦੇ ਪ੍ਰਭਾਵ ਨਜ਼ਰ ਆਉਂਦੇ ਹਨ। ਇਸ ਕਾਰਨ ਇਹ ਗ੍ਰੰਥ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦਾ ਹੈ। ਭਾਈ ਗੁਰਦਾਸ ਜੀ ਵੱਲੋਂ ਇਸ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਨੂੰ ਪੋਥਾ ਸਾਹਿਬ ਦਾ ਨਾਂ ਦਿੱਤਾ ਤੇ ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ।1ਸਤੰਬਰ 1604 ਨੂੰ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇਸ ਦਾ ਪਹਿਲਾ ਪ੍ਰਕਾਸ਼ ਕਰਵਾਇਆ ਜਿਸ ਮੌਕੇ ‘ਸੰਤਾਂ ਕੇ ਕਾਰਜ ਆਪ ਖਲੋਇਆ, ਹਰਿ ਕੰਮੁ ਕਰਾਵਣਿ ਆਇਆ ਰਾਮ’ ਪਹਿਲਾ ਹੁਕਮਨਾਮਾ ਆਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕਿਉਂ ਨਾ ਕੀਤਾ ਜਾਏ ਗੁਰਬਾਣੀ ਬਿਨਾਂ ਕਿਸੇ ਭੇਦਭਾਵ ਤੋਂ ਰਹਿਤ ਸੰਪੂਰਨ ਮਨੁੱਖਤਾ ਦੀ ਅਗਵਾਈ ਕਰਨ ਵਿੱਚ ਸਮਰੱਥ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦ ਪਰਮਾਤਮਾ ਨਾਲ ਗੱਲਾਂ ਕਰਵਾਉਂਦੇ ਹਨ

ਐਸੇ ਗੁਰ ਕਉ ਬਲਿ ਬਲਿ ਜਾਈਐ ,ਆਪ ਮੁਕਤ ਮੋਹਿ ਤਾਰੈ…ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆ ਹੋਵਣ ਜੀ🙏🏻🙏🏻🙏🏻