ਜਾਪਾਨ ‘ਚ ਤੂਫਾਨ ‘ਸ਼ਾਨਸ਼ਾਨ’ ਨੇ ਮਚਾਈ ਤਬਾਹੀ, 3 ਲੋਕਾਂ ਦੀ ਮੌਤ

ਜਾਪਾਨ : 29 ਅਗਸਤ 2024 

ਜਾਪਾਨ ਦੇ ਕੁਝ ਹਿੱਸਿਆਂ ‘ਚ ਤੇਜ਼ ਤੂਫਾਨ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਸਭ ਤੋਂ ਉੱਚੇ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿੱਥੇ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਤੂਫਾਨ ਸ਼ਾਨਸ਼ਾਨ ਦੱਖਣੀ ਕਿਊਸ਼ੂ ਵੱਲ ਜਾ ਰਿਹਾ ਹੈ ਅਤੇ 24 ਘੰਟਿਆਂ ਵਿੱਚ 60 ਸੈਂਟੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।ਟਾਈਫੂਨ ‘ਸ਼ਾਨਸ਼ਾਨ’ ਜਾਪਾਨ ਦੇ ਦੱਖਣ-ਪੱਛਮੀ ਟਾਪੂ ਕਿਯੂਸ਼ੂ ਨਾਲ ਟਕਰਾ ਗਿਆ ਹੈ। ਇਸ ਕਾਰਨ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ, ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਥਾਵਾਂ ‘ਤੇ ਦਰੱਖਤ ਡਿੱਗ ਪਏ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਸਲਾਹ ਦਿੱਤੀ।

ਮੌਸਮ ਵਿਭਾਗ ਨੇ ਦੱਸਿਆ ਕਿ ਇਹ ਤੂਫ਼ਾਨ ਸਵੇਰੇ ਕਰੀਬ 8 ਵਜੇ ਆਇਆ। ਇਹ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਸੀ। ਇਸ ਦੇ ਨਾਲ ਹੀ ਕਾਗੋਸ਼ੀਮਾ ਪ੍ਰੀਫੈਕਚਰ ਦੇ ਜ਼ਿਆਦਾਤਰ ਹਿੱਸਿਆਂ ਲਈ ਤੂਫਾਨ ਦੀ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਜਨਤਕ ਟਰਾਂਸਪੋਰਟ ਆਪਰੇਟਰਾਂ ਨੇ ਟਰੇਨਾਂ ਅਤੇ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਤੂਫਾਨ ਉੱਤਰ ਵੱਲ ਵਧ ਰਿਹਾ ਹੈ।ਕਿਊਸ਼ੂ ਦੇ ਬਿਜਲੀ ਵਿਭਾਗ ਨੇ ਕਿਹਾ ਕਿ 2,54,610 ਘਰਾਂ ਵਿੱਚ ਬਿਜਲੀ ਨਹੀਂ ਹੈ । ਜਾਪਾਨ ਦੇ ਮੌਸਮ ਵਿਭਾਗ ਨੇ ਕਿਹਾ ਕਿ ਕਾਗੋਸ਼ੀਮਾ ‘ਚ ਖਤਰਨਾਕ ਤੂਫਾਨ ਅਤੇ ਉੱਚੀ ਲਹਿਰਾਂ ਦੀ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ।