PAU ਲੁਧਿਆਣਾ’ਚ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਕੀਤਾ ਗਿਆ ਐਲਾਨ,ਜਾਣੋ ਕਦੋ ਲਗੇਗਾ ਦੋ ਰੋਜ਼ਾ ਕਿਸਾਨ ਮੇਲਾ

ਪੰਜਾਬ ਨਿਊਜ਼,9 ਅਗਸਤ 2024

ਪੀਏਯੂ ਵੱਲੋਂ ਹਾੜੀ-ਸਾਉਣੀ ਲਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਆਉਂਦੇ ਹਾੜੀ ਸੀਜ਼ਨ ਲਈ ਸਤੰਬਰ ਮਹੀਨੇ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਨਾਂ ਵਿੱਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਦੋ ਰੋਜ਼ਾ ਕਿਸਾਨ ਮੇਲੇ ਤੋਂ ਬਿਨਾਂ ਛੇ ਖੇਤਰੀ ਕੇਂਦਰਾਂ ਵਿੱਚ ਕਿਸਾਨ ਮੇਲੇ ਕਰਵਾਏ ਜਾਣਗੇ।ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਤੋਂ ਹੀ ਕਿਸਾਨ ਮੇਲਿਆਂ ਰਾਹੀਂ ਨਵੀਆਂ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਈਆਂ ਹਨ। ਇਸੇ ਸਿਲਸਿਲੇ ਨਾਲ ਪੰਜਾਬ ਵਿੱਚ ਵਿਗਿਆਨਕ ਖੇਤੀ ਦਾ ਪਸਾਰ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਰਾਹੀਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਵਿਗਿਆਨਕ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦਾ ਵਸੀਲਾ ਬਣਾਇਆ ਜਾਂਦਾ ਹੈ। ਇਸਦੇ ਨਾਲ ਹੀ ਇਹ ਮੇਲੇ ਕਿਸਾਨੀ ਸਮਾਜ ਨੂੰ ਚਲੰਤ ਮਸਲਿਆਂ ਬਾਰੇ ਜਾਗਰੂਕ ਵੀ ਕਰਦੇ ਹਨ।

ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਪਾਣੀਆਂ ਦੀ ਸੰਭਾਲ ਬਹੁਤ ਗੰਭੀਰ ਮੁੱਦਾ ਹੈ। ਇਹ ਮੁੱਦਾ ਮੌਜੂਦਾ ਖੇਤੀ ਦਿ੍ਸ਼ ਦੇ ਨਾਲ-ਨਾਲ ਭਵਿੱਖ ਦੀ ਚਿੰਤਾ ਨੂੰ ਵੀ ਪ੍ਰਗਟ ਕਰਦਾ ਹੈ। ਇਸੇ ਲਈ ਸਤੰਬਰ ਦੇ ਕਿਸਾਨ ਮੇਲਿਆਂ ਦਾ ਥੀਮ ‘ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ’ ਰੱਖਿਆ ਗਿਆ ਹੈ। ਡਾ. ਗੋਸਲ ਨੇ ਕਿਹਾ ਕਿ ਇੰਨਾਂ ਮੇਲਿਆਂ ਵਿੱਚ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਕਿਸਾਨਾਂ ਦੇ ਭਾਰੀ ਗਿਣਤੀ ’ਚ ਸ਼ਾਮਿਲ ਹੋਣ ਦੀ ਆਸ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇੰਨਾਂ ਮੇਲਿਆਂ ਦਾ ਆਰੰਭ 3 ਸਤੰਬਰ ਨੂੰ ਨਾਗਕਲਾਂ (ਅੰਮ੍ਰਿਤਸਰ) ਦੇ ਮੇਲੇ ਨਾਲ ਹੋਵੇਗਾ। 6 ਸਤੰਬਰ ਨੂੰ ਬੱਲੋਵਾਲ ਸੌਂਖੜੀ ਅਤੇ 10 ਸਤੰਬਰ ਨੂੰ ਫਰੀਦਕੋਟ ਵਿਖੇ ਕਿਸਾਨ ਮੇਲੇ ਕਰਵਾਏ ਜਾਣਗੇ। ਪੀਏਯੂ ਵਿੱਚ ਦੋ ਰੋਜ਼ਾ ਕਿਸਾਨ ਮੇਲਾ 13-14 ਸਤੰਬਰ ਨੂੰ ਲਾਇਆ ਜਾਵੇਗਾ। ਗੁਰਦਾਸਪੁਰ ਵਿਖੇ 18 ਸਤੰਬਰ ਨੂੰ ਅਤੇ ਰੌਣੀ (ਪਟਿਆਲਾ) ਵਿੱਚ 24 ਸਤੰਬਰ ਨੂੰ ਕਿਸਾਨ ਮੇਲਾ ਹੋਵੇਗਾ। ਆਖਰੀ ਕਿਸਾਨ ਮੇਲਾ 27 ਸਤੰਬਰ ਨੂੰ ਬਠਿੰਡਾ ਵਿੱਚ ਲਾਇਆ ਜਾਵੇਗਾ