ਦਿੱਲੀ-NCR ‘ਚ ਭਾਰੀ ਮੀਂਹ,IMD ਨੇ ਯੂਪੀ ਨੂੰ ਲੈ ਕੇ ਵੀ ਜਾਰੀ ਕੀਤਾ ਅਲਰਟ

ਮੌਸਮ ਵਿਭਾਗ,24 ਜੁਲਾਈ 2024

ਦਿੱਲੀ-NCR ਵਿੱਚ ਬੁੱਧਵਾਰ ਸਵੇਰੇ ਦਿੱਲੀ, ਨੋਇਡਾ ਅਤੇ ਫਰੀਦਾਬਾਦ ਸਮੇਤ NCR ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਇਸ ਕਾਰਨ ਸਵੇਰੇ ਸਕੂਲ ਅਤੇ ਦਫ਼ਤਰ ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਵੇਰ ਤੋਂ ਹੀ ਮੀਂਹ ਪੈਣ ਕਾਰਨ ਸੰਘਣਾ ਹਨੇਰਾ ਛਾਇਆ ਹੋਇਆ ਸੀ। ਇਸ ਕਾਰਨ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਮੀਂਹ ਤੋਂ ਕੁਝ ਰਾਹਤ ਮਿਲੀ ਹੈ।ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ ਤਾਪਮਾਨ ਵਿੱਚ ਦੋ ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ ਅਤੇ 34 ਡਿਗਰੀ ਤੱਕ ਰਿਕਾਰਡ ਕੀਤਾ ਜਾ ਸਕਦਾ ਹੈ।

ਆਈਐਮਡੀ ਮੁਤਾਬਕ ਅਗਲੇ ਤਿੰਨ-ਚਾਰ ਦਿਨਾਂ ਵਿੱਚ ਯੂਪੀ ਦੇ ਕਈ ਸ਼ਹਿਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜੀ ਰਾਜਾਂ ਹਿਮਾਚਲ ਅਤੇ ਉਤਰਾਖੰਡ ਵਿੱਚ ਵੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਦੇ ਮੰਡੀ, ਕਾਂਗੜਾ, ਚੰਬਾ ਆਦਿ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।