ਗੁਰੂਘਰ ਅੰਦਰ ਚੌਰ ਸਾਹਿਬ ਦੀ ਸੇਵਾ ਕਰਦਿਆਂ ਗੁਰੂ ਚਰਨਾਂ ਵਿੱਚ ਤਿਆਗ ਦਿੱਤੇ ਸੁਆਸ
11 ਜੁਲਾਈ 2024
ਸ੍ਰੀ ਆਨੰਦਪੁਰ ਸਾਹਿਬ ਨੇੜੇ ਬੇਲਾ ਵਾਸੀ ਗਿਆਨੀ ਸੁਰਜੀਤ ਸਿੰਘ ਨੂੰ ਚੌਰ ਸਾਹਿਬ ਦੀ ਸੇਵਾ ਕਰਦਿਆਂ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਸੁਆਸ ਤਿਆਗ ਦਿੱਤੇ। ਦਰਅਸਲ ਮੰਨਿਆ ਜਾਂਦਾ ਹੈ ਕਿ ਮੌਤ ਇੱਕ ਨਿਸ਼ਚਿਤ ਸਮੇਂ ਤੇ ਸਥਾਨ ਉਪਰ ਹੀ ਆਉਂਦੀ ਹੈ। ਇਸ ਲਈ ਇਹ ਇੱਕ ਅਟੱਲ ਸੱਚਾਈ ਹੈ। ਇਸ ਦੀ ਇੱਕ ਮਿਸਾਲ ਨਵਾਂਸ਼ਹਿਰ ਦੇ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੂਨੀ ਬਲਾਚੌਰ ਵਿੱਚ ਦੇਖਣ ਨੂੰ ਮਿਲੀ।
ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਦੇ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗਿਆਨੀ ਸੁਰਜੀਤ ਸਿੰਘ ਪਿਛਲੇ ਕਰੀਬ ਦੋ ਸਾਲਾਂ ਤੋਂ ਸੇਵਾ ਨਿਭਾਅ ਰਹੇ ਸਨ। ਅੱਜ ਸਵੇਰੇ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਚੌਰ ਸਾਹਿਬ ਦੀ ਸੇਵਾ ਆਰੰਭ ਕੀਤੀ। ਉਸ ਵੇਲੇ ਗੁਰੂ ਘਰ ਦੇ ਗ੍ਰੰਥੀ ਹੁਕਮਨਾਮਾ ਲੈ ਰਹੇ ਸੀ।
ਇਸ ਦੌਰਾਨ ਅਚਾਨਕ ਦੌਰਾ ਪੈਣ ਕਾਰਨ ਗਿਆਨੀ ਸੁਰਜੀਤ ਸਿੰਘ ਹੇਠਾਂ ਡਿੱਗ ਪਏ। ਕੁਝ ਦੇਰ ਬਾਅਦ ਹੋਸ਼ ਆਉਣ ‘ਤੇ ਉਹ ਫਿਰ ਖੜ੍ਹੇ ਹੋ ਗਏ ਤੇ ਚੌਰ ਸਾਹਿਬ ਰੱਖ ਦਿੱਤਾ। ਉਹ ਫਿਰ ਹੱਥ ਜੋੜ ਕੇ ਪਾਲਕੀ ਦੇ ਪਿੱਛੇ ਬੈਠ ਗਏ। ਜਦੋਂ ਹੁਕਮਾਮਾ ਪੂਰਾ ਹੋਇਆ ਤਾਂ ਗਿਆਨੀ ਸੁਰਜੀਤ ਸਿੰਘ ਸੁਆਸ ਤਿਆਗ ਚੁੱਕੇ ਸਨ।
ਸੁਰਜੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਕੋਈ ਬੱਚਾ ਨਹੀਂ ਸੀ। ਸੁਰਜੀਤ ਸਿੰਘ ਇੱਕ ਦਾਨੀ ਸੁਭਾਅ ਦੇ ਸੀ ਤੇ ਹਰ ਵਿਅਕਤੀ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਦੇ ਸੀ। ਉਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਆਪਣੇ ਸੁਆਸ ਤਿਆਗੇ ਹਨ। ਇਹ ਚੰਗੇ ਕਰਮਾਂ ਦਾ ਫਲ ਹੈ। ਇਸ ਮੌਤ ਨਾਲ ਪਰਿਵਾਰ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।