ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕੀਤਾ ਵੱਡਾ ਫੈਸਲਾ,ਹੁਣ ਫਿਲਮਾਂ ਅਤੇ ਸੀਰੀਅਲਸ ‘ਚ ਆਨੰਦ ਕਾਰਜ ਦੇ ਸੀਨ ਨਹੀਂ ਦਿਖਾਏ ਜਾਣਗੇ
11 ਜੁਲਾਈ 2024
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਰਿਪੋਰਟ ਮੰਗੀ ਹੈ।ਜਿਸ ਤੋਂ ਬਾਅਦ ਇਸ ਸਬੰਧੀ ਅਕਾਲ ਤਖ਼ਤ ਤੋਂ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਜਲਦੀ ਹੀ ਲੋਕ ਫਿਲਮਾਂ ਅਤੇ ਟੀਵੀ ਸੀਰੀਅਲਸ ਵਿੱਚ ਆਨੰਦ ਕਾਰਜ ਦੇ ਸੀਨ ਨਹੀਂ ਦੇਖ ਸਕਣਗੇ। ਇਹ ਸੀਨ ਇੱਕ ਫਰਜ਼ੀ ਗੁਰਦੁਆਰਾ ਸਾਹਿਬ ਵਿੱਚ ਸ਼ੂਟ ਕੀਤੇ ਜਾਂਦੇ ਸਨ ਪਰ ਮੋਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ।ਇਸ ਤੋਂ ਪਹਿਲਾਂ ਮੈਰਿਜ ਪੈਲੇਸਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣ ‘ਤੇ ਪਾਬੰਦੀ ਲਾਈ ਸੀ।
ਹਾਲ ਹੀ ਵਿੱਚ ਮੋਹਾਲੀ ਵਿੱਚ ਪੰਜਾਬੀ ਟੀਵੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਵਿੱਚ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ। ਜਿਵੇਂ ਹੀ ਨਿਹੰਗਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ ਅਤੇ ਸ਼ੂਟਿੰਗ ਬੰਦ ਕਰਵਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉੱਥੇ ਆ ਕੇ ਮਾਮਲਾ ਸ਼ਾਂਤ ਕਰਵਾਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੋਹਾਲੀ ਦੇ ਘੜੂੰਆਂ ‘ਚ ਸੀਰੀਅਲ ਦੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ ‘ਚ ਹੋਏ ਅਨੰਦ ਕਾਰਜ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ ਇੰਡਸਟਰੀ ਵਿੱਚ ਲੋਕ ਆਪਣੇ ਕਾਰੋਬਾਰ ਨੂੰ ਮੁੱਖ ਪਹਿਲ ਦੇ ਕੇ ਸਿੱਖ ਰਵਾਇਤਾਂ ਨਾਲ ਖਿਲਵਾੜ ਕਰ ਰਹੇ ਹਨ। ਜੇਕਰ ਉਹ ਇਨ੍ਹਾਂ ਗਤੀਵਿਧੀਆਂ ਤੋਂ ਗੁਰੇਜ਼ ਨਹੀਂ ਕਰਦੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਪਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਫਿਲਮਾਂ ਅਤੇ ਟੀ.ਵੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਕਲੀ ਵਿਆਹਾਂ ਕਰਵਾਏ ਜਾ ਰਹੇ ਹਨ ਜੋ ਕਿ ਹਰ ਸ਼ਰਧਾਲੂ ਸਿੱਖ ਦੇ ਦਿਲ ਨੂੰ ਡੂੰਘੀ ਠੇਸ ਪਹੁੰਚਾਉਂਦਾ ਹੈ।