ਵਿਰਾਟ ਕੋਹਲੀ ਦੇ ਰੈਸਟੋਰੈਂਟ ‘ਤੇ ਦਰਜ FIR, ਜਾਣੋ ਕੀ ਹਨ ਦੋਸ਼…
9 ਜੁਲਾਈ 2024
ਟੀਮ ਇੰਡੀਆ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 2024 ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਲੰਡਨ ‘ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।ਇਸ ਦੌਰਾਨ ਬੈਂਗਲੁਰੂ ‘ਚ ਵਿਰਾਟ ਦੇ ਰੈਸਟੋਰੈਂਟ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਕੋਹਲੀ ਦੇ ‘ਵਨ 8 ਕਮਿਊਨ’ ਨਾਮ ਦੇ ਰੈਸਟੋਰੈਂਟ ਵਿਰੁੱਧ ਦਰਜ ਕੀਤੀ ਗਈ ਹੈ, ਜੋ ਕਿ ਬੈਂਗਲੁਰੂ ਦੇ ਐਮਜੀ ਰੋਡ ‘ਤੇ ਹੈ। ਸਿਟੀ ਪੁਲਿਸ ਨੇ ਕੇਂਦਰੀ ਬੈਂਗਲੁਰੂ ਦੇ ਐਮਜੀ ਰੋਡ ‘ਤੇ ਸਥਿਤ ਵਨ 8 ਕਮਿਊਨ ਰੈਸਟੋਰੈਂਟ ਦੇ ਖਿਲਾਫ ਕਥਿਤ ਤੌਰ ‘ਤੇ ਆਗਿਆ ਦੇ ਸਮੇਂ ਤੋਂ ਵੱਧ ਕੰਮ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਰੈਸਟੋਰੈਂਟ ਨੂੰ ਸਵੇਰੇ 1 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਜਦਕਿ ਦੋਸ਼ ਹੈ ਕਿ ਰੈਸਟੋਰੈਂਟ 1.30 ਵਜੇ ਤੱਕ ਖੁੱਲ੍ਹਾ ਸੀ।
ਮਾਮਲੇ ਦੀ ਜਾਣਕਾਰੀ ਅਨੁਸਾਰ ਡੀਸੀਪੀ ਸੈਂਟਰਲ ਨੇ ਦੱਸਿਆ, “ਅਸੀਂ ਬੀਤੀ ਰਾਤ ਡੇਢ ਵਜੇ ਤੱਕ ਦੇਰ ਰਾਤ ਤੱਕ ਵਜਾਉਣ ਵਾਲੇ ਕਰੀਬ 3-4 ਪੱਬਾਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਸਾਨੂੰ ਪੱਬਾਂ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।”