ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
8 ਜੁਲਾਈ 2024
ਜਲੰਧਰ ਦੇ ਗੁਰਾਇਆ ਸਥਿਤ ਗੁਰਦੁਆਰੇ ਵਿੱਚ ਇੱਕ ਨੇਪਾਲੀ ਨੌਜਵਾਨ ਨੇ ਦਾਖ਼ਲ ਹੋ ਕੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੌਜਵਾਨ ਬਿਨਾਂ ਸਿਰ ਢੱਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ, ਖੁਸ਼ਕਿਸਮਤੀ ਨਾਲ ਉਕਤ ਨੌਜਵਾਨ ਨੂੰ ਗ੍ਰੰਥੀ ਅਤੇ ਹੋਰ ਲੋਕਾਂ ਨੇ ਪਹਿਲਾਂ ਹੀ ਰੋਕ ਲਿਆ। ਇਸ ਮਾਮਲੇ ਵਿੱਚ ਗੁਰਾਇਆ ਥਾਣਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਗਣੇਸ਼ ਖੜਕਾ ਵਜੋਂ ਹੋਈ ਹੈ। ਉਹ ਲੁਧਿਆਣਾ ਵਿੱਚ ਰਹਿ ਰਿਹਾ ਸੀ।
ਗੁਰਾਇਆ ਸਥਿਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਾਢੇ 5 ਵਜੇ ਗੁਰਦੁਆਰਾ ਸਾਹਿਬ ‘ਚ ਅਰਦਾਸ ਕਰ ਰਿਹਾ ਸੀ। ਇਸ ਦੌਰਾਨ ਸੀਸੀਟੀਵੀ ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੇ ਬਾਹਰ ਘੁੰਮ ਰਿਹਾ ਸੀ। ਕੁਝ ਸਮੇਂ ਬਾਅਦ ਉਕਤ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਿਆ ਅਤੇ ਸ੍ਰੀ ਨਿਸ਼ਾਨ ਸਾਹਿਬ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਨਾਲ ਹੀ ਪਾਸੇ ਪਏ ਵਾਈਪਰ ਨਾਲ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜਿਆ ਤਾਂ ਉਸ ਦੀ ਜੇਬ ਵਿੱਚੋਂ ਤੰਬਾਕੂ ਪਦਾਰਥ ਵੀ ਬਰਾਮਦ ਹੋਇਆ। ਮੁਲਜ਼ਮ ਨੇ ਹੈੱਡ ਗ੍ਰੰਥੀ ਦੀ ਕੁੱਟਮਾਰ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਦੋਸ਼ੀ ਨੂੰ ਜ਼ਮੀਨ ‘ਤੇ ਸੁੱਟ ਕੇ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ |ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਕਾਫੀ ਹੰਗਾਮਾ ਕੀਤਾ ਹੋਇਆ ਸੀ। ਮੁਲਜ਼ਮ ਲੁਧਿਆਣਾ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਗੋਰਾਇਆ ਕਿਵੇਂ ਪਹੁੰਚਿਆ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਿਲਹਾਲ ਦੋਸ਼ੀ ਨੂੰ ਜਲਦ ਹੀ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ, ਜਿਸ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ।