ਪਾਕਿਸਤਾਨ: ਕਾਰ ‘ਚ ਬੰਬ ਧਮਾਕੇ ‘ਚ ਸਾਬਕਾ ਸੰਸਦ ਮੈਂਬਰ ਸਮੇਤ ਚਾਰ ਲੋਕਾਂ ਦੀ ਮੌਤ 

4 ਜੁਲਾਈ 2024

ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿੱਚ ਇੱਕ ਕਾਰ ਧਮਾਕੇ ਵਿੱਚ ਇੱਕ ਸਾਬਕਾ ਸੰਸਦ ਮੈਂਬਰ ਅਤੇ ਤਿੰਨ ਹੋਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕਬਾਇਲੀ ਬਹੁ-ਗਿਣਤੀ ਵਾਲੇ ਜ਼ਿਲੇ ਮਾਮੋਂਦ ਬਜੌਰ ਦੇ ਦਮਾਡੋਲਾ ਇਲਾਕੇ ‘ਚ ਹੋਇਆ। ਪੁਲਿਸ ਮੁਤਾਬਕ ਧਮਾਕੇ ਦੇ ਸਮੇਂ ਪਾਕਿਸਤਾਨੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਸਾਬਕਾ ਮੈਂਬਰ ਹਿਦਾਇਤੁੱਲਾ ਉਪ-ਚੋਣ ਵਿੱਚ ਆਪਣੇ ਭਤੀਜੇ ਨਜੀਬੁੱਲਾ ਖਾਨ ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਉੱਥੇ ਮੌਜੂਦ ਸਨ। ਪੀਕੇ 22 ਸੂਬਾਈ ਵਿਧਾਨ ਸਭਾ ਹਲਕੇ ਵਿੱਚ 12 ਜੁਲਾਈ ਨੂੰ ਜ਼ਿਮਨੀ ਚੋਣ ਹੋਣੀ ਹੈ।

ਹਿਦਾਇਤੁੱਲਾ ਇੱਕ ਵੱਡੇ ਸਿਆਸੀ ਪਰਿਵਾਰ ਨਾਲ ਸਬੰਧ ਰੱਖਦਾ ਸੀ।ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਮੁੱਖ ਸਕੱਤਰ ਨਦੀਮ ਅਸਲਮ ਚੌਧਰੀ ਨੇ ਧਮਾਕੇ ਦੀ ਨਿੰਦਾ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਹਿਦਾਇਤੁੱਲਾ 2012 ਤੋਂ 2018 ਅਤੇ ਫਿਰ 2018 ਤੋਂ 2024 ਤੱਕ ਸੈਨੇਟ ਦੇ ਆਜ਼ਾਦ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਉਪਰਲੇ ਸਦਨ ਦੀ ਹਵਾਬਾਜ਼ੀ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਅਤੇ ਰਾਸ਼ਟਰੀ ਅੱਤਵਾਦ ਵਿਰੋਧੀ ਅਥਾਰਟੀ (ਨਾਕਟਾ) ਦੇ ਮੈਂਬਰ ਵੀ ਰਹੇ। ਹਿਦਾਇਤੁੱਲਾ ਦੇ ਪਿਤਾ ਹਾਜੀ ਬਿਸਮਿੱਲ੍ਹਾ ਖਾਨ ਵੀ ਐਮਐਨਏ ਰਹਿ ਚੁੱਕੇ ਹਨ।