ਪੰਜਾਬ ‘ਚ ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਗੁਰਮੇਲ ਰਾਮ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਪੰਜਾਬ ਨਿਊਜ਼ ,30 ਜੂਨ 2024
ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਗੁਰਮੇਲ ਰਾਮ ਪੁੱਤਰ ਜੀਤ ਰਾਮ ਦੀ ਅਣਪਛਾਤੇ ਹੱਤਿਆਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਲਖਨਪਾਲ ਤੋਂ ਪਿੰਡ ਪੰਡੋਰੀ ਮੁਸ਼ਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿਚ ਗੁਰਮੇਲ ਰਾਮ ਦੀ ਲਾਸ਼ ਖ਼ੂਨ ਵਿਚ ਲਥਪਥ ਹਾਲਤ ਵਿਚ ਪਈ ਮਿਲੀ ਹੈ, ਜਿਸ ਨੂੰ ਵੇਖ ਕੇ ਸਾਫ਼ ਪਤਾ ਲੱਗਦਾ ਸੀ ਕਿ ਗੁਰਮੇਲ ਰਾਮ ਦਾ ਕਤਲ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਹੈ। ਉਨ੍ਹਾਂ ਦਾ ਸਾਈਕਲ ਵੀ ਉਨ੍ਹਾਂ ਦੀ ਲਾਸ਼ ਨੇੜੇ ਹੀ ਜ਼ਮੀਨ ’ਤੇ ਡਿੱਗਿਆ ਪਿਆ ਹੋਇਆ ਸੀ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੁਰਮੇਲ ਰਾਮ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਅਤੇ ਹੋਰ ਜਾਂਚ ਟੀਮਾਂ ਵੀ ਵਾਰਦਾਤ ਵਾਲੀ ਜਗ੍ਹਾ ’ਤੇ ਪਹੁੰਚ ਗਈਆਂ ਸਨ।
ਮ੍ਰਿਤਕ ਸਾਬਕਾ ਸਰਪੰਚ ਦੇ ਬੇਟੇ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਾਮ 6 ਵਜੇ ਉਸ ਦੇ ਚਾਚੇ ਦੇ ਲੜਕੇ ਸੁਰਿੰਦਰ ਪਾਲ ਨਿਵਾਸੀ ਪਿੰਡ ਲਖਨਪਾਲ ਨੇ ਉਸਨੂੰ ਫੈਕਟਰੀ ਵਿਚ ਆ ਕੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਪਿਤਾ ਦੀ ਪੰਡੋਰੀ ਨੂੰ ਜਾਂਦੇ ਕੱਚੇ ਰਸਤੇ ’ਤੇ ਹੱਤਿਆ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਹ ਸੁਰਿੰਦਰ ਪਾਲ ਨਾਲ ਉਸੇ ਸਮੇਂ ਪਿੰਡ ਪਹੁੰਚ ਗਿਆ। ਉਸਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਪਿਤਾ ਦੇ ਕਾਤਲਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।
ਬਲਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਤਕ ਉਸਦੇ ਪਿਤਾ ਦੇ ਹੱਤਿਆਰੇ ਫੜੇ ਨਹੀਂ ਜਾਂਦੇ, ਉਦੋਂ ਤਕ ਉਹ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਦੂਜੇ ਪਾਸੇ ਪੁਲਸ ਅਧਿਕਾਰੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਹੱਤਿਆਰਿਆਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਪਰ ਦੇਰ ਰਾਤ ਤਕ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਸੀ।
ਮ੍ਰਿਤਕ ਦੇ ਬੇਟੇ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਸ ਦੇ ਪਿਤਾ ਗੁਰਮੇਲ ਰਾਮ ਰੋਜ਼ਾਨਾ ਸਾਈਕਲ ’ਤੇ ਪੰਡੋਰੀ ਵਾਲੇ ਕੱਚੇ ਰਸਤੇ ਵੱਲ ਘੁੰਮਣ ਲਈ ਜਾਂਦੇ ਸਨ ਅਤੇ ਉਨ੍ਹਾਂ ਦੇ ਪਰਸ ਵਿਚ ਪੈਸੇ ਵੀ ਹੁੰਦੇ ਸਨ। ਉਸ ਨੇ ਕਿਹਾ ਕਿ ਜਦੋਂ ਉਸ ਦੇ ਪਿਤਾ ਖੂਨ ਵਿਚ ਲਥਪਥ ਹਾਲਤ ਵਿਚ ਆਪਣੇ ਸਾਈਕਲ ਨੇੜੇ ਪਏ ਹੋਏ ਸਨ ਤਾਂ ਉਨ੍ਹਾਂ ਦਾ ਪਰਸ ਵੀ ਖਾਲੀ ਪਿਆ ਹੋਇਆ ਸੀ, ਜਿਸ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਨਸ਼ੇੜੀ ਕਿਸਮ ਦੇ ਲੁਟੇਰਿਆਂ ਨੇ ਉਸ ਦੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਨ੍ਹਾਂ ਦੇ ਪਰਸ ਵਿਚੋਂ ਪੈਸੇ ਕੱਢੇ ਹਨ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦੇ ਕਤਲ ਦਾ ਮਾਮਲਾ ਲੁੱਟ ਨਾਲ ਜੁੜਿਆ ਹੋਇਆ ਹੈ।