ਦਿੱਲੀ ਦੇ ਜਲ ਮੰਤਰੀ ਆਤਿਸ਼ੀ ਦੀ ਤਬੀਅਤ ਭੁੱਖ ਹੜਤਾਲ ਦੌਰਾਨ ਵਿਗੜੀ,ਆਤਿਸ਼ੀ ਦਾ ਭਾਰ, ਬੀਪੀ-ਸ਼ੂਗਰ ਵੀ ਘਟਿਆ।

ਨਵੀਂ ਦਿੱਲੀ: 24 ਜੂਨ 2024

ਦਿੱਲੀ ਦੇ ਜਲ ਮੰਤਰੀ ਆਤਿਸ਼ੀ ਦੀ ਤਬੀਅਤ ਸੋਮਵਾਰ ਨੂੰ ਉਨ੍ਹਾਂ ਦੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੇ ਚੌਥੇ ਦਿਨ ਵਿਗੜ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਨ ਦੀ ਸਲਾਹ ਦਿੱਤੀ। ਹਾਲਾਂਕਿ, ਆਤਿਸ਼ੀ ਨੇ ਸਿਹਤ ਦੇ ਮਾੜੇ ਪ੍ਰਭਾਵਾਂ ਦੇ ਬਾਵਜੂਦ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਦੋਂ ਤੱਕ ਹਰਿਆਣਾ ਦਿੱਲੀ ਦੇ ਪਾਣੀ ਦਾ ਬਣਦਾ ਹਿੱਸਾ ਨਹੀਂ ਛੱਡਦਾ। ਆਤਿਸ਼ੀ ਨੇ ਕਿਹਾ, “ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਡਿੱਗ ਰਿਹਾ ਹੈ ਅਤੇ ਮੇਰਾ ਭਾਰ ਵੀ ਘੱਟ ਗਿਆ ਹੈ। ਕੀਟੋਨ ਦਾ ਪੱਧਰ ਬਹੁਤ ਜ਼ਿਆਦਾ ਹੈ ਜਿਸ ਦਾ ਲੰਬੇ ਸਮੇਂ ਵਿੱਚ ਨੁਕਸਾਨਦੇਹ ਪ੍ਰਭਾਵ ਹੋ ਸਕਦਾ ਹੈ। ਭਾਵੇਂ ਮੇਰੇ ਸਰੀਰ ਨੂੰ ਕਿੰਨਾ ਵੀ ਦਰਦ ਕਿਉਂ ਨਾ ਹੋਵੇ, “ਮੈਂ ਭੁੱਖ ਹੜਤਾਲ ਜਾਰੀ ਰੱਖਾਂਗੀ। ਜਦੋਂ ਤੱਕ ਹਰਿਆਣਾ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡਦਾ।”

ਆਤਿਸ਼ੀ ਦਾ ਭਾਰ ਅਤੇ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਘਟ ਰਿਹਾ ਸੀ, ਜਿਸ ਨੂੰ ਐਲਐਨਜੇਪੀ ਹਸਪਤਾਲ ਦੇ ਡਾਕਟਰਾਂ ਨੇ “ਚਿੰਤਾਜਨਕ” ਦੱਸਿਆ ਹੈ। ਉਨਾਂ ਦਾ ਭੁੱਖ ਹੜਤਾਲ ਦੇ ਪਹਿਲੇ ਦਿਨ ਦੇ ਮੁਕਾਬਲੇ ਚੌਥੇ ਦਿਨ ਭਾਰ 2.2 ਕਿਲੋ ਘਟਿਆ ਅਤੇ ਚੌਥੇ ਦਿਨ ਉਨ੍ਹਾਂ ਦਾ ਸ਼ੂਗਰ ਲੈਵਲ 28 ਯੂਨਿਟ ਘੱਟ ਗਿਆ ਹੈ।