ਉਤਰਾਖੰਡ ‘ਚ ਬਦਰੀਨਾਥ ਹਾਈਵੇਅ ‘ਤੇ ਵੱਡਾ ਹਾਦਸਾ, ਅਲਕਨੰਦਾ ਨਦੀ ‘ਚ ਡਿੱਗਿਆ ਟੈਂਪੂ ਟਰੈਵਲਰ , 10 ਦੀ ਮੌਤ

15 ਜੂਨ 2024

ਉੱਤਰਾਖੰਡ ਦੇ ਬਦਰੀਨਾਥ ਹਾਈਵੇਅ ‘ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ,ਜਿੱਥੇ ਯਾਤਰੀਆਂ ਨਾਲ ਭਰੀ ਇੱਕ ਟੈਂਪੂ ਟਰੈਵਲਰ ਗੱਡੀ ਬੇਕਾਬੂ ਹੋ ਕੇ ਅਲਕਨੰਦਾ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ ਕਰੀਬ 10 ਲੋਕਾਂ ਦੀ ਮੌਤ ਹੋ ਗਈ , ਜਦਕਿ ਸੱਤ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਲਾਪਤਾ ਲੋਕਾਂ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ।

ਇਹ ਹਾਦਸਾ ਬਦਰੀਨਾਥ ਹਾਈਵੇ ‘ਤੇ ਰੈਂਟੋਲੀ ਨੇੜੇ ਵਾਪਰਿਆ, ਜਿੱਥੇ ਟੈਂਪੂ ਟਰੈਵਲਰ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਬੇਕਾਬੂ ਹੋ ਕੇ ਅਲਕਨੰਦਾ ਨਦੀ ‘ਚ ਜਾ ਡਿੱਗ ਪਿਆ।ਘਟਨਾ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਲੋਕ ਮਦਦ ਲਈ ਰੌਲਾ ਪਾਉਣ ਲੱਗੇ। ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਉਥੇ ਇਕੱਠੇ ਹੋ ਗਏ।

ਜਾਣਕਾਰੀ ਮੁਤਾਬਕ ਟਰੈਵਲਰ ‘ਚ ਕਰੀਬ 17 ਯਾਤਰੀ ਸਵਾਰ ਸਨ, ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ।ਨਦੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਮਆਰਐਫ ਅਤੇ ਐਨਡੀਆਰਪੀ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।