ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋ ਵੱਡੀ ਰਾਹਤ;ਹਾਈਕਰੋਟ ਨੇ ਗੁਰਦਾਸ ਮਾਨ ਖਿਲਾਫ ਕੇਸ ਰੱਦ ਕਰਨ ਦਿੱਤਾ ਹੁਕਮ
ਪੰਜਾਬ ਨਿਊਜ਼,15 ਜੂਨ 2024
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡੀ ਰਾਹਤ ਦਿੱਤੀ ਹੈ। ਸਾਲ 2021 ਵਿੱਚ, ਗੁਰਦਾਸ ਮਾਨ ਵੱਲੋਂ ਨਕੋਦਰ ਦੀ ਦਰਗਾਹ ਦੇ ਗੱਦੀਨਸ਼ੀਨ ਲਾਡੀ ਸਾਂਈ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੰਸ਼ਜ ਵਜੋਂ ਬੁਲਾਉਣ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ। ਇਸ ਮਾਮਲੇ ਵਿੱਚ 27 ਮਈ ਨੂੰ ਕੇਸ ਦਾਇਰ ਕਰਨ ਵਾਲੇ ਵਿਅਕਤੀ ਨੇ ਨਕੋਦਰ ਅਦਾਲਤ ਵੱਲੋਂ ਦਿੱਤੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ‘ਤੇ ਅਦਾਲਤ ਨੇ ਗੁਰਦਾਸ ਮਾਨ ਦੇ ਹੱਕ ‘ਚ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਨਕੋਦਰ ਅਦਾਲਤ ਨੇ ਗੁਰਦਾਸ ਮਾਨ ਖਿਲਾਫ ਦਰਜ ਕੀਤਾ ਕੇਸ ਰੱਦ ਕਰਨ ਦੇ ਹੁਕਮ ਦਿੱਤੇ ਸਨ।
ਹਰਜਿੰਦਰ ਸਿੰਘ ਨਾਮਕ ਉਕਤ ਵਿਅਕਤੀ ਦੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਹਾਈਕੋਰਟ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਸੀ। ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਾਰੀਆਂ ਧਿਰਾਂ ਤੋਂ 13 ਜੂਨ ਤੱਕ ਜਵਾਬ ਮੰਗਿਆ ਸੀ। ਪਟੀਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਗੁਰਦਾਸ ਮਾਨ ਨੇ ਲਾਡੀ ਸਾਈਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਤਾਨ ਦੱਸਿਆ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦੱਸ ਦੇਈਏ ਕਿ ਜਦੋਂ ਇਹ ਮਾਮਲਾ ਗਰਮਾ ਗਿਆ ਤਾਂ ਗੁਰਦਾਸ ਮਾਨ ਨੇ ਲਾਈਵ ਹੋ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੁਆਫੀ ਮੰਗ ਲਈ ਜਿਸ ਵਿੱਚ ਗੁਰਦਾਸ ਮਾਨ ਨੇ ਕਿਹਾ ਸੀ ਕਿ ਸਿੱਖ ਸੰਗਤ ਮੈਨੂੰ ਮੁਆਫ਼ ਕਰ ਦੇਵੇ। ਉਹ ਕਦੇ ਆਪਣੇ ਗੁਰੂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਆਪਣੇ ਗੁਰੂਆਂ ਤੋਂ ਬਹੁਤ ਕੁਝ ਸਿੱਖਿਆ ਹੈ, ਉਨ੍ਹਾਂ ਦਾ ਨਿਰਾਦਰ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਗੁਰਦਾਸ ਮਾਨ ਨੇ ਕਿਹਾ ਸੀ ਗੁਰੂ ਸਾਹਿਬਾਨ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਮੈਂ ਇਹ ਜ਼ਰੂਰ ਦੱਸਿਆ ਸੀ ਕਿ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਇੱਕ ਚੰਗੇ ਪਰਿਵਾਰ ਵਿੱਚ ਹੋਇਆ ਸੀ ਅਤੇ ਮੇਰੇ ਸਾਂਈ ਜੀ ਦਾ ਜਨਮ ਵੀ ਨਕੋਦਰ ਵਿੱਚ ਇੱਕ ਚੰਗੇ ਪਰਿਵਾਰ ਵਿੱਚ ਹੋਇਆ ਸੀ। ਮੇਰੇ ਸ਼ਬਦਾਂ ਨਾਲ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ 100-100 ਵਾਰ ਮੁਆਫੀ ਮੰਗਦਾ ਹਾਂ।