ਲੁਧਿਆਣਾ ‘ਚ ਧਾਰਾ 144 ਲਾਗੂ,ਲੁਧਿਆਣਾ ਦੀ ਹੱਦ ਅੰਦਰ ਸਖ਼ਤ ਹੁਕਮ ਜਾਰੀ

13 ਜੂਨ 2024

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਲੁਧਿਆਣਾ ਸਾਕਸ਼ੀ ਸਾਹਨੀ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਲੁਧਿਆਣਾ ਦੀ ਹੱਦ ਅੰਦਰ ਸਖਤੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਜ਼ਿਲ੍ਹੇ ਅੰਦਰ ਵਗਦੀਆਂ ਨਹਿਰਾਂ/ਨਦੀਆਂ ਆਦਿ ਵਿੱਚ ਨਹਾਉਣ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਸਾਹਨੀ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚੇ/ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਅਕਸਰ ਨਹਿਰਾਂ/ਨਦੀਆਂ ਆਦਿ ਵਿੱਚ ਨਹਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸੀਜ਼ਨ ਦੌਰਾਨ ਨਹਿਰਾਂ/ਨਦੀਆਂ ਵਿੱਚ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਵਗਦਾ ਹੈ ਅਤੇ ਤੇਜ਼ ਕਰੰਟ ਕਾਰਨ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਯੋਗ ਕਦਮ ਚੁੱਕਣ ਦੀ ਲੋੜ ਹੈ।

ਉਨ੍ਹਾਂ ਨਹਿਰੀ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਨਹਿਰਾਂ/ਨਦੀਆਂ/ਚੌਆਂ ਆਦਿ ‘ਤੇ ਗਸ਼ਤ ਕਰਨ ਅਤੇ ਪਾਬੰਦੀ ਦੇ ਹੁਕਮਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਨਹਿਰਾਂ/ਦਰਿਆਵਾਂ ਵਿੱਚ ਨਹਾਉਣ ਤੋਂ ਰੋਕਿਆ ਜਾਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।