ਪੋਲ ਤੋਂ ਬਾਅਦ ਟੋਲ ਦਾ ਝਟਕਾ ,NHAI ਨੇ 5% ਵਾਧੇ ਦਾ ਫੈਸਲਾ ਲਾਗੂ ਕੀਤਾ
3 ਜੂਨ 2024
ਲੋਕ ਸਭਾ ਚੋਣਾਂ ਦੇ ਸਾਰੇ ਪੜਾਅ ਪੂਰੇ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਦੇਸ਼ ਚੋਣ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ। NHAI ਨੇ ਦੇਸ਼ ਭਰ ਵਿੱਚ ਟੋਲ ਟੈਕਸ ਵਧਾ ਦਿੱਤਾ ਹੈ।
ਅੱਜ ਤੋਂ ਹੀ ਸਾਰੇ ਟੋਲ ਪਲਾਜ਼ਿਆਂ ‘ਤੇ ਡਰਾਈਵਰਾਂ ਨੂੰ 5 ਫੀਸਦੀ ਜ਼ਿਆਦਾ ਟੋਲ ਟੈਕਸ ਦੇਣਾ ਪਵੇਗਾ। ਜਾਣਕਾਰੀ ਅਨੁਸਾਰ ਹਾਈਵੇ ਯੂਜ਼ਰ ਫੀਸ ਸਾਲਾਨਾ ਸੋਧ ਤਹਿਤ ਪਹਿਲਾਂ (1 ਅਪ੍ਰੈਲ) ਤੋਂ ਲਾਗੂ ਕੀਤੀ ਜਾਣੀ ਸੀ ਪਰ ਲੋਕ ਸਭਾ ਚੋਣਾਂ ਕਾਰਨ ਇਹ ਵਾਧਾ ਟਾਲ ਦਿੱਤਾ ਗਿਆ ਸੀ।
ਵਾਹਨ ਚਾਲਕਾਂ ਵੱਲੋਂ ਸਾਲਾਨਾ ਵਾਧੇ ਦਾ ਵਿਰੋਧ ਕੀਤਾ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਟੋਲ ਟੈਕਸ ਇੱਕ ਫੀਸ ਹੈ ਜੋ ਡਰਾਈਵਰਾਂ ਨੂੰ ਕੁਝ ਅੰਤਰਰਾਜੀ ਐਕਸਪ੍ਰੈਸਵੇਅ,ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਪਾਰ ਕਰਦੇ ਸਮੇਂ ਅਦਾ ਕਰਨੀ ਪੈਂਦੀ ਹੈ। ਇਹ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਅਧੀਨ ਆਉਂਦੇ ਹਨ। ਹਾਲਾਂਕਿ, ਦੋਪਹੀਆ ਵਾਹਨ ਚਾਲਕਾਂ ਨੂੰ ਟੋਲ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ। ਵਿਰੋਧੀ ਪਾਰਟੀਆਂ ਅਤੇ ਕਈ ਵਾਹਨ ਚਾਲਕ ਟੋਲ ਦਰਾਂ ਵਿੱਚ ਸਾਲਾਨਾ ਵਾਧੇ ਦਾ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ ਇਸ ਨਾਲ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਦੀ ਲਾਗਤ ਵਧਦੀ ਹੈ ਅਤੇ ਯਾਤਰੀਆਂ ‘ਤੇ ਬੋਝ ਪੈਂਦਾ ਹੈ।