ਲੋਕ ਸਭਾ ਚੋਣਾਂ 2024: ਸੱਤਵੇਂ ਪੜਾਅ ਵਿੱਚ 59.45 ਫੀਸਦੀ ਵੋਟਿੰਗ,ਜਾਣੋ….
ਲੋਕ ਸਭਾ ਚੋਣਾਂ,2 ਜੂਨ 2024
ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਖਤਮ ਹੋਣ ਦੇ ਨਾਲ ਹੀ ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਅੰਤ ਹੋ ਗਿਆ ਹੈ ਅਤੇ ਕੁੱਲ 543 ਸੀਟਾਂ ਲਈ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਹੋ ਗਈ ਹੈ।
ਸੱਤਵੇਂ ਗੇੜ ਵਿੱਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਸੀਟਾਂ ਉੱਤੇ ਵੋਟਿੰਗ ਹੋਈ।ਚੋਣ ਕਮਿਸ਼ਨ ਨੇ ਸ਼ਨੀਵਾਰ ਦੇਰ ਸ਼ਾਮ ਜਾਰੀ ਇਕ ਬਿਆਨ ‘ਚ ਕਿਹਾ ਕਿ ਆਖਰੀ ਪੜਾਅ ‘ਚ 59.45 ਫੀਸਦੀ ਵੋਟਿੰਗ ਹੋਈ।
ਆਖਰੀ ਪੜਾਅ ‘ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ 55.86 ਫੀਸਦੀ ਵੋਟਿੰਗ ਹੋਈ। ਜਦਕਿ ਉੱਤਰ ਪ੍ਰਦੇਸ਼ ਦੀਆਂ 13 ਲੋਕ ਸਭਾ ਸੀਟਾਂ ‘ਤੇ 55.60 ਫੀਸਦੀ ਵੋਟਾਂ ਪਈਆਂ। ਬਿਹਾਰ ਦੀਆਂ 8 ਲੋਕ ਸਭਾ ਸੀਟਾਂ ‘ਤੇ 50.79 ਫੀਸਦੀ ਅਤੇ ਪੱਛਮੀ ਬੰਗਾਲ ਦੀਆਂ 9 ਲੋਕ ਸਭਾ ਸੀਟਾਂ ‘ਤੇ 69.89 ਫੀਸਦੀ ਵੋਟਿੰਗ ਹੋਈ।
ਉੜੀਸਾ ਦੀਆਂ 6 ਲੋਕ ਸਭਾ ਸੀਟਾਂ ‘ਤੇ 63.57 ਫੀਸਦੀ ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ‘ਤੇ 67.53 ਫੀਸਦੀ ਵੋਟਾਂ ਪਈਆਂ। ਝਾਰਖੰਡ ਦੀਆਂ ਤਿੰਨ ਸੀਟਾਂ ‘ਤੇ 69.59 ਫੀਸਦੀ ਵੋਟਿੰਗ ਹੋਈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ‘ਤੇ 62.80 ਫੀਸਦੀ ਵੋਟਾਂ ਪਈਆਂ।
ਲੋਕ ਸਭਾ ਚੋਣਾਂ ਦੇ ਨਾਲ-ਨਾਲ ਸਿੱਕਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿਧਾਨ ਸਭਾ ਚੋਣਾਂ ਲਈ ਵੀ ਵੋਟਿੰਗ ਪ੍ਰਕਿਰਿਆ ਪੂਰੀ ਹੋ ਗਈ ਹੈ।
ਆਖਰੀ ਪੜਾਅ ‘ਚ ਦੇਸ਼ ਭਰ ਦੇ 10.9 ਲੱਖ ਪੋਲਿੰਗ ਸਟੇਸ਼ਨਾਂ ‘ਤੇ ਲਗਭਗ 10.06 ਕਰੋੜ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। 5.24 ਕਰੋੜ ਮਰਦ ਅਤੇ 4.82 ਕਰੋੜ ਮਹਿਲਾ ਵੋਟਰ ਹਨ।8 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜਿੱਥੇ ਇਸ ਪੜਾਅ ਵਿੱਚ ਵੋਟਿੰਗ ਹੋਈ ਹੈ – ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਚੰਡੀਗੜ੍ਹ।