ਕੀ ਅੱਜ ਪੰਜਾਬ ਵਿਚ ਫਰੀ ਬਿਜਲੀ ਦੇਣ ਦੇ ਬਾਵਜੂਦ ਵੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਫਾਇਦੇ’ ਚ….?

ਪੰਜਾਬ ਨਿਊਜ਼,31 ਮਈ 2024

ਪੰਜਾਬ ਵਿਚ ਫਰੀ ਬਿਜਲੀ ਕਰਨ ਦੇ ਬਾਵਜੂਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ 900 ਕਰੋੜ ਰੁਪਏ ਦੇ ਮੁਨਾਫੇ ਵਿਚ ਆ ਗਿਆ ਹੈ ।ਇਹ ਦਾਅਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜਿਹੜਾ ਪੀ. ਐੱਸ. ਪੀ. ਸੀ. ਐੱਲ. ਘਾਟੇ ਵਿਚ ਚੱਲ ਰਿਹਾ ਸੀ, ਅੱਜ ਉਹ ਫਰੀ ਬਿਜਲੀ ਦੇਣ ਦੇ ਬਾਵਜੂਦ ਵੀ ਫਾਇਦੇ ਵਿਚ ਹੈ। ਇਹ ਨਤੀਜੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਮਾਨਦਾਰ ਮਿਹਨਤ ਦੇ। ਇਸ ਸ਼ਾਨਦਾਰ ਉਪਲਬਧੀ ਲਈ ਉਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ ਦਿੰਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਪਿਛਲੇ ਵਿੱਤੀ ਸਾਲ 2023-24 ਦੌਰਾਨ ਥਰਮਲ ਪਾਵਰ ਉਤਪਾਦਨ ਅਤੇ ਬਿਜਲੀ ਦੀ ਵਿਕਰੀ ਵਿਚ ਸੁਧਾਰ ਤੋਂ ਬਾਅਦ ਲਗਭਗ 900 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਬਿਜਲੀ ਖਪਤਕਾਰ ਰਾਹਤ ਦਾ ਸਾਹ ਲੈ ਸਕਦੇ ਹਨ ਕਿਉਂਕਿ ਬਿਜਲੀ ਰੈਗੂਲੇਟਰ ਵਲੋਂ ਬਿਜਲੀ ਦਰਾਂ ਵਿਚ ਕੋਈ ਵਾਧਾ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।

ਇਸ ਤੋਂ ਇਲਾਵਾ, ਅਣ-ਆਡਿਟ ਕੀਤੇ ਅੰਕੜੇ ਪੁਸ਼ਟੀ ਕਰਦੇ ਹਨ ਕਿ ਪੀ.ਐੱਸ.ਪੀ.ਸੀ.ਐੱਲ. ਨੇ ਇੰਡੀਅਨ ਐਨਰਜੀ ਐਕਸਚੇਂਜ ਵਿਚ ਵਾਧੂ ਬਿਜਲੀ ਵੇਚ ਕੇ ਅਪ੍ਰੈਲ ਅਤੇ ਮਈ 2024 ਲਈ 286 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਾਣਕਾਰੀ ਅਨੁਸਾਰ ਪਛਵਾੜਾ ਕੋਲਾ ਖਾਨ ਤੋਂ ਕੋਲੇ ਦੀ ਸਪਲਾਈ ਨੇ ਨਾ ਸਿਰਫ ਰੋਪੜ ਅਤੇ ਲਹਿਰਾ ਮੁਹੱਬਤ ਵਿਖੇ ਥਰਮਲ ਉਤਪਾਦਨ ਵਿਚ ਸੁਧਾਰ ਕੀਤਾ ਹੈ, ਬਲਕਿ ਘਾਟੇ ਵਿਚ ਚੱਲ ਰਹੀ ਪੀ.ਐੱਸ.ਪੀ.ਸੀ.ਐੱਲ. ਨੂੰ ਮੁਨਾਫਾ ਕਮਾਉਣ ਵਾਲੀ ਕੰਪਨੀ ਵਿਚ ਬਦਲ ਦਿਤਾ ਹੈ। ਪਿਛਲੇ ਵਿੱਤੀ ਸਾਲ ਦੌਰਾਨ ਪੀ.ਐੱਸ.ਪੀ.ਸੀ.ਐੱਲ. ਨੇ ਗੋਇੰਦਵਾਲ ਸਾਹਿਬ ਥਰਮਲ ਪ੍ਰਾਜੈਕਟ ਨੂੰ ਖਰੀਦਿਆ ਸੀ ਅਤੇ ਰਾਜ ਦੇ ਸੈਕਟਰ ਵਿਚ ਤੀਜਾ ਥਰਮਲ ਪਲਾਂਟ ਸ਼ਾਮਲ ਹੋਣ ਨਾਲ ਬਿਜਲੀ ਸਪਲਾਈ ਵਿਚ ਵੀ ਸੁਧਾਰ ਹੋਇਆ ਹੈ।