ਪੰਜਾਬ ਦੇ ਸਕੂਲਾਂ ”ਚ ਸਮਰਕੈਂਪ ਲਗਾਉਣ’ਤੇ ਲਗਾਈ ਪਾਬੰਦੀ,ਸਿੱਖਿਆ ਵਿਭਾਗ ਦਾ ਆਦੇਸ਼
ਪੰਜਾਬ ਨਿਊਜ਼,29 ਮਈ 2024
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਵਿਚ ਅੱਤ ਦੀ ਗਰਮੀ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਲਗਾਏ ਜਾ ਰਹੇ ਸਮਰ ਕੈਂਪ ‘ਤੇ ਰੋਕ ਲਗਾ ਦਿੱਤੀ ਹੈ। ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚਿਤਾਵਨੀ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਕਾਰੀ/ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਿਤੀ 21.5.2024 ਤੋਂ 30.06.2024 ਤੱਕ ਗਰਮੀਆਂ ਦੀਆਂ ਛੁੱਟੀਆਂ ਐਲਾਨ ਕੀਤੀਆਂ ਗਈਆਂ ਸਨ। ਪ੍ਰੰਤੂ ਦਫ਼ਤਰ ਦੇ ਧਿਆਨ ਵਿਚ ਆਇਆ ਹੈ ਕਿ ਸਕੂਲਾਂ ਵਿਚ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਸਕੂਲ ਬੁਲਾਇਆ ਜਾ ਰਿਹਾ ਹੈ।
ਇਸ ਲਈ ਆਪ (ਸਾਰੇ ਸਕੂਲਾਂ) ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਕੂਲ ਵਿਚ ਸਮਰ ਕੈਂਪ ਨਾ ਲਗਾਏ ਜਾਣ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਪਾਲਣਾ ਨਾ ਕਰਨ ਦੀ ਸੂਰਤ ਵਿਚ ਸਕੂਲ ਮੁਖੀ ਵਿਰੁੱਧ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ।