ਮਲਕੀਤ ਸਿੰਘ ਨੇ ਨਾ ਸਿਰਫ਼ ਮਾਊਂਟ ਐਵਰੇਸਟ ਦੀ ਚੋਟੀ ਸਰ ਕੀਤੀ ਸਗੋਂ ਉਥੇ ਨਿਸ਼ਾਨ ਸਾਹਿਬ ਤੇ ਨਿਊਜ਼ੀਲੈਂਡ ਦਾ ਝੰਡਾ ਵੀ ਝੁਲਾਇਆ।
23 ਮਈ 2024
ਨਿਊਜ਼ੀਲੈਂਡ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਮਾਊਂਟ ਐਵਰੇਸਟ ਦੀ ਚੋਟੀ ਸਰ ਕਰ ਕੇ ਦੁਨੀਆਂ ਭਰ ਵਿਚ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਮਲਕੀਤ ਸਿੰਘ ਨੇ ਨਾ ਸਿਰਫ਼ ਮਾਊਂਟ ਐਵਰੇਸਟ ਦੀ ਚੋਟੀ ਸਰ ਕੀਤੀ ਸਗੋਂ ਉਥੇ ਨਿਸ਼ਾਨ ਸਾਹਿਬ ਤੇ ਨਿਊਜ਼ੀਲੈਂਡ ਦਾ ਝੰਡਾ ਵੀ ਝੁਲਾਇਆ।
ਮਲਕੀਤ ਸਿੰਘ ਨਿਊਜ਼ੀਲੈਂਡ ਵਲੋਂ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਪਹਿਲੇ ਗੁਰਸਿੱਖ ਅਤੇ 53ਵੇਂ ਵਿਅਕਤੀ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ 52 ਨਾਗਰਿਕ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਇਸ ਸਫ਼ਰ ਦੌਰਾਨ ਮਲਕੀਤ ਸਿੰਘ ਨੂੰ ਸਿਹਤ ਪੱਖੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਹਾਰ ਨਹੀਂ ਮੰਗੀ।
ਇਸ ਦੌਰਾਨ ਉਨ੍ਹਾਂ ਦਾ ਵਜ਼ਨ ਵੀ ਕਰੀਬ 17 ਕਿਲੋ ਘੱਟ ਗਿਆ ਹੈ। ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਦਸਿਆ ਕਿ ਬੇਸ 4 ਤੋਂ ਲਗਾਤਾਰ 12 ਘੰਟੇ ਦੀ ਚੜ੍ਹਾਈ ਚੜ੍ਹ ਕੇ ਉਨ੍ਹਾਂ ਨੇ 19 ਮਈ ਸਵੇਰੇ 8.37 ਵਜੇ ਮਾਊਂਟ ਐਵਰੇਸਟ ‘ਤੇ ਨਿਸ਼ਾਨ ਸਾਹਿਬ ਝੁਲਇਆ ਹੈ। ਮਲਕੀਤ ਸਿੰਘ ਨੇ ਟ੍ਰੈਨਿੰਗ ਤੋਂ ਲੈ ਕੇ ਹੁਣ ਤਕ ਕਰੀਬ 150,000 ਡਾਲਰ ਦੇ ਕਰੀਬ ਖਰਚਾ ਕੀਤਾ ਹੈ। ਫਿਲਹਾਲ ਉਹ ਕਾਠਮਾਂਡੂ ਵਿਚ ਹਨ ਅਤੇ 30 ਮਈ ਨੂੰ ਨਿਊਜੀਲੈਂਡ ਵਾਪਸੀ ਕਰਨਗੇ। ਦੱਸ ਦੇਈਏ ਕਿ ਮਲਕੀਤ ਸਿੰਘ ਬੀਤੇ 25 ਸਾਲ ਤੋਂ ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਹਨ। ਇਸ ਪ੍ਰਾਪਤੀ ਲਈ ਦੁਨੀਆਂ ਭਰ ਦੇ ਪੰਜਾਬੀਆਂ ਵਲੋਂ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ।