ਭਾਜਪਾ ਦੇ ਊਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਚੋਣ ਪ੍ਰਚਾਰ ਦੌਰਾਨ ਜਤਾਈ ਚਿੰਤਾ,’ਜੇ ਅੰਮ੍ਰਿਤਪਾਲ ਜਿੱਤਿਆ ਤਾਂ ਪੰਜਾਬ ਦੀ ਸ਼ਾਂਤੀ ਨੂੰ ਖਤਰਾ।’
ਪੰਜਾਬ ਨਿਊਜ਼:21 ਮਈ 2024
ਪੰਜਾਬ ਦੇ ਲੁਧਿਆਣਾ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਜੇਲ ਵਿੱਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤ ਪਾਲ ਸਿੰਘ ‘ਤੇ ਸਿਆਸੀ ਹਮਲਾ ਕੀਤਾ ਹੈ। ਭਾਜਪਾ ਆਗੂ ਨੇ ਕਿਹਾ ਕਿ ਜੇਕਰ ਅਮ੍ਰਿਤਪਾਲ ਚੋਣ ਜਿੱਤ ਜਾਂਦੇ ਹਨ ਤਾਂ ਉਹ ਪੰਜਾਬ ਵਿੱਚ ਅਮਨ ਪਸੰਦ ਲੋਕਾਂ ਨੂੰ ਨਹੀਂ ਰਹਿਣ ਦੇਣਗੇ।
ਅੰਮ੍ਰਿਤਪਾਲ ਸਿੰਘ ਡਿਬਰੂਗੜ ਆਸਾਮ ਦੀ ਜੇਲ ਵਿੱਚ ਬੰਦ ਹੈ ਅਤੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 23 ਅਪ੍ਰੈਲ 2023 ਨੂੰ ਮੋਗਾ ਤੋਂ ਐਨਐਸਏ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ।
ਰਵਨੀਤ ਸਿੰਘ ਬਿੱਟੂ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ ਹਾਲ ਵਿੱਚ ਉਹ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਉਹਨਾਂ ਕਿਹਾ ,’ਇਸ ਵਾਰ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ! ਕੀ ਤੁਸੀਂ ਬੇਅੰਤ ਸਿੰਘ ਦੇ ਪਰਿਵਾਰ ਦਾ ਸਮਰਥਨ ਕਰੋਗੇ ਜਿਸ ਨੇ ਪੰਜਾਬ ਵਿੱਚ ਸ਼ਾਂਤੀ ਲਿਆਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਜਾਂ ਅੰਮ੍ਰਿਤਪਾਲ ਸਿੰਘ ਵਰਗੇ ਲੋਕਾਂ ਦਾ ਸਮਰਥਨ ਕਰੋਗੇ?
ਫਿਰ ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਜੋ ਲੋਕ ਪੰਜਾਬ ਨੂੰ ਤੋੜਨਾ ਚਾਹੁੰਦੇ ਹਨ ਉਹ ਅੰਮ੍ਰਿਤ ਪਾਲ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਉਹ ਜਿੱਤ ਗਏ ਤਾਂ ਸਾਨੂੰ ਪੰਜਾਬ ਛੱਡਣਾ ਪਵੇਗਾ। ਜੇਕਰ ਉਹ ਸੰਸਦ ਮੈਂਬਰ ਬਣ ਜਾਂਦੇ ਹਨ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਥਿਤੀ ਕੀ ਹੋਵੇਗੀ? ਇਹ ਚੋਣ ਇੱਕ ਫੈਸਲਾ ਹੈ ਜੋ ਅਮਨ ਪਸੰਦ ਲੋਕਾਂ ਨੇ ਲੈਣਾ ਹੈ ਜੇਕਰ ਪੰਜਾਬ ਵਿੱਚ ਰਹਿਣਾ ਹੈ ਤਾਂ ਮੋਦੀ ਨੂੰ ਵੋਟ ਦਿਓ ਅਤੇ ਜੇਕਰ ਨਹੀਂ ਤਾਂ ਅੰਮ੍ਰਿਤ ਪਾਲ ਵਰਗੇ ਲੋਕਾਂ ਨੂੰ ਵੋਟ ਦਿਓ ਜੋ ਸਾਡੇ ਵਰਗੇ ਲੋਕਾਂ ਨੂੰ ਪੰਜਾਬ ਵਿੱਚ ਨਹੀਂ ਰਹਿਣ ਦੇਣਗੇ ਉਹ ਉਹਨਾਂ ਲੋਕਾਂ ਨੂੰ ਪੰਜਾਬ ਵਿੱਚ ਰਹਿਣ ਨਹੀਂ ਦੇਣਗੇ ਜੋ ਸ਼ਾਂਤੀ ਅਤੇ ਭਾਈਚਾਰਾ ਚਾਹੁੰਦੇ ਹਨ।